ਤਸਵੀਰ-ਆਧਾਰਿਤ ਸ਼ੋਸ਼ਣ ਕੀ ਹੁੰਦਾ ਹੈ?
ਤਸਵੀਰ-ਆਧਾਰਿਤ ਸ਼ੋਸ਼ਣ ਉਦੋਂ ਹੁੰਦਾ ਹੈ ਜਦੋਂ ਕੋਈ ਤੁਹਾਡੀ ਸਹਿਮਤੀ ਤੋਂ ਬਿਨਾਂ ਤੁਹਾਡੀਆਂ ਨਿੱਜੀ ਤਸਵੀਰਾਂ ਜਾਂ ਵੀਡੀਓ ਨੂੰ ਅੱਗੇ ਸਾਂਝਾ ਕਰਦਾ ਹੈ ਜਾਂ ਅੱਗੇ ਸਾਂਝਾ ਕਰਨ ਦੀ ਧਮਕੀ ਦਿੰਦਾ ਹੈ। ਇਸ ਕਿਸਮ ਦਾ ਸੋਸ਼ਣ ਅਕਸਰ ਘਰੇਲੂ, ਪਰਿਵਾਰਕ ਅਤੇ ਜਿਨਸੀ ਹਿੰਸਾ ਦਾ ਹਿੱਸਾ ਹੁੰਦਾ ਹੈ।
ਆਸਟ੍ਰੇਲੀਆ ਵਿੱਚ, ਬਿਨਾਂ ਸਹਿਮਤੀ ਦੇ ਸਰੀਰਕ ਸੰਬੰਧ ਬਣਾਉਣ ਜਾਂ ਨੰਗੀਆਂ ਤਸਵੀਰਾਂ ਅੱਗੇ ਸਾਂਝੀਆਂ ਕਰਨਾ ਜਾਂ ਕਿਸੇ ਨੂੰ ਬਲੈਕਮੇਲ ਕਰਨ ਲਈ ਇਨ੍ਹਾਂ ਤਸਵੀਰਾਂ ਦੀ ਵਰਤੋਂ ਕਰਨਾ ਕਾਨੂੰਨ ਦੇ ਵਿਰੁੱਧ ਹੈ। ਤੁਸੀਂ ਇਨ੍ਹਾਂ ਕਾਰਵਾਈਆਂ ਦੀ ਪੁਲਿਸ ਅਤੇ eSafety Commissioner ਨੂੰ ਰਿਪੋਰਟ ਕਰ ਸਕਦੇ ਹੋ।
ਤਸਵੀਰ-ਆਧਾਰਿਤ ਸ਼ੋਸ਼ਣ ਇੱਕ ਗੰਭੀਰ ਮੁੱਦਾ ਹੈ ਕਿਉਂਕਿ ਇਹ ਤੁਹਾਡੀ ਨਿੱਜਤਾ ਦਾ ਉਲੰਘਣ ਕਰਦਾ ਹੈ ਅਤੇ ਕਾਫ਼ੀ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ। ਇਸ ਕਿਸਮ ਦੇ ਸ਼ੋਸ਼ਣ ਨੂੰ ਸਮਝਣਾ ਆਪਣੇ ਆਪ ਦੀ ਅਤੇ ਦੂਜਿਆਂ ਦੀ ਸੁਰੱਖਿਆ ਕਰਨ ਲਈ ਮਹੱਤਵਪੂਰਨ ਹੈ। ਆਪਣੇ ਅਧਿਕਾਰਾਂ ਨੂੰ ਜਾਣ ਕੇ ਅਤੇ ਸਹਾਇਤਾ ਦੀ ਮੰਗ ਕਰਕੇ, ਤੁਸੀਂ ਫਿਰ ਤੋਂ ਨਿਯੰਤਰਣ ਹਾਸਿਲ ਕਰ ਸਕਦੇ ਹੋ ਅਤੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾ ਸਕਦੇ ਹੋ।
ਆਸਟ੍ਰੇਲੀਆ ਦੇ ਕਾਨੂੰਨ ਦੇ ਤਹਿਤ
- ਤੁਹਾਡੇ ਕੋਲ ਨਿੱਜਤਾ ਅਤੇ ਸੁਰੱਖਿਆ ਦਾ ਅਧਿਕਾਰ ਹੈ।
- ਤਸਵੀਰ-ਆਧਾਰਿਤ ਸ਼ੋਸ਼ਣ ਕਦੇ ਵੀ ਤੁਹਾਡੀ ਗ਼ਲਤੀ ਨਹੀਂ ਹੁੰਦਾ ਹੈ।
- ਮੱਦਦ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।
ਤਸਵੀਰ-ਆਧਾਰਿਤ ਸ਼ੋਸ਼ਣ ਦੇ ਰੂਪ
ਤਸਵੀਰ-ਆਧਾਰਿਤ ਸ਼ੋਸ਼ਣ ਕਈ ਰੂਪਾਂ ਵਿੱਚ ਹੋ ਸਕਦਾ ਹੈ। ਇੱਥੇ ਇਸਦੀਆਂ ਕੁੱਝ ਉਦਾਹਰਨਾਂ ਹਨ:
- ਬਿਨਾਂ ਸਹਿਮਤੀ ਦੇ ਸਰੀਰਕ ਸੰਬੰਧ ਬਣਾਉਣ ਜਾਂ ਨੰਗੀਆਂ ਤਸਵੀਰਾਂ ਅੱਗੇ ਸਾਂਝੀਆਂ ਕਰਨਾ: ਤੁਹਾਡੀ ਆਗਿਆ ਤੋਂ ਬਿਨਾਂ ਤੁਹਾਡੀਆਂ ਨਿੱਜੀ ਫ਼ੋਟੋਆਂ ਜਾਂ ਵੀਡੀਓ ਪੋਸਟ ਕਰਨਾ ਜਾਂ ਭੇਜਣਾ।
- ਤਸਵੀਰਾਂ ਨੂੰ ਅੱਗੇ ਸਾਂਝਾ ਕਰਨ ਦੀ ਧਮਕੀ ਦੇਣਾ: ਤੁਹਾਨੂੰ ਕੰਟਰੋਲ ਕਰਨ ਜਾਂ ਡਰਾਉਣ ਲਈ ਨਿੱਜੀ ਤਸਵੀਰਾਂ ਨੂੰ ਅੱਗੇ ਸਾਂਝਾ ਕਰਨ ਦੀ ਧਮਕੀ ਦੀ ਵਰਤੋਂ ਕਰਨਾ।
- ਸੱਭਿਆਚਾਰਕ ਜਾਂ ਧਾਰਮਿਕ ਸ਼ਰਮਿੰਦਗੀ: ਤੁਹਾਡੀ ਸਹਿਮਤੀ ਤੋਂ ਬਿਨਾਂ ਤੁਹਾਡੇ ਸੱਭਿਆਚਾਰਕ ਜਾਂ ਧਾਰਮਿਕ ਰੀਤੀ-ਰਿਵਾਜਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਵਾਲੀਆਂ ਫ਼ੋਟੋਆਂ ਨੂੰ ਸਾਂਝਾ ਕਰਨਾ।
- ਤਸਵੀਰਾਂ ਨੂੰ ਸੰਪਾਦਿਤ ਕਰਨਾ: ਤੁਹਾਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਲਈ ਫ਼ੋਟੋਆਂ ਵਿੱਚ ਫੇਰ-ਬਦਲ ਕਰਨਾ ਅਤੇ ਫਿਰ ਉਨ੍ਹਾਂ ਨੂੰ ਸਾਂਝਾ ਕਰਨਾ।
- ਬਲੈਕਮੇਲ ਕਰਨ ਲਈ ਤਸਵੀਰਾਂ ਦੀ ਵਰਤੋਂ ਕਰਨਾ: ਤਸਵੀਰਾਂ ਨੂੰ ਅੱਗੇ ਸਾਂਝਾ ਨਾ ਕਰਨ ਦੇ ਬਦਲੇ ਪੈਸੇ ਜਾਂ ਕੋਈ ਮਿਹਰਬਾਨੀ ਕਰਨ ਦੀ ਮੰਗ ਕਰਨਾ।
- ਤਸਵੀਰਾਂ ਨੂੰ ਵੱਡੇ ਪੱਧਰ 'ਤੇ ਵੰਡਣਾ: ਸੋਸ਼ਲ ਮੀਡੀਆ ਜਾਂ ਹੋਰ ਔਨਲਾਈਨ ਪਲੇਟਫਾਰਮਾਂ 'ਤੇ ਨਿੱਜੀ ਤਸਵੀਰਾਂ ਨੂੰ ਸਾਂਝਾ ਕਰਨਾ।
ਬਗ਼ੈਰ-ਸਹਿਮਤੀ ਵਾਲੀ ਪੋਰਨੋਗ੍ਰਾਫੀ
ਬਗ਼ੈਰ-ਸਹਿਮਤੀ ਵਾਲੀ ਪੋਰਨੋਗ੍ਰਾਫੀ, ਜਿਸ ਨੂੰ "ਰਿਵੈਂਜ ਪੋਰਨ/ ਬਦਲਾ ਪੋਰਨ" ਵੀ ਕਿਹਾ ਜਾਂਦਾ ਹੈ, ਉਦੋਂ ਹੁੰਦੀ ਹੈ ਜਦੋਂ ਕੋਈ ਤੁਹਾਡੀ ਸਹਿਮਤੀ ਤੋਂ ਬਿਨਾਂ ਤੁਹਾਡੀਆਂ ਸਰੀਰਕ ਸੰਬੰਧ ਬਣਾਉਣ ਜਾਂ ਨੰਗੀਆਂ ਤਸਵੀਰਾਂ ਜਾਂ ਵੀਡੀਓ ਅੱਗੇ ਸਾਂਝਾ ਕਰਦਾ ਹੈ ਜਾਂ ਅੱਗੇ ਸਾਂਝਾ ਕਰਨ ਦੀ ਧਮਕੀ ਦਿੰਦਾ ਹੈ। ਇਹ ਤਸਵੀਰ-ਆਧਾਰਿਤ ਸ਼ੋਸ਼ਣ ਦਾ ਇੱਕ ਗੰਭੀਰ ਰੂਪ ਹੈ ਅਤੇ ਤੁਹਾਡੀ ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ 'ਤੇ ਬਹੁਤ ਜ਼ਿਆਦਾ ਨੁਕਸਾਨਦਾਇਕ ਪ੍ਰਭਾਵ ਪਾ ਸਕਦਾ ਹੈ।