ਜਿਨਸੀ ਛੇੜ-ਛਾੜ ਕੀ ਹੁੰਦੀ ਹੈ?
ਜਿਨਸੀ ਛੇੜ-ਛਾੜ ਹਰ ਉਹ ਅਣਚਾਹਿਆ ਕਾਮੁਕ ਵਿਵਹਾਰ ਹੈ ਜੋ ਤੁਹਾਨੂੰ ਅਸਹਿਜ, ਡਰ ਜਾਂ ਨਾਰਾਜ਼ ਮਹਿਸੂਸ ਕਰਵਾਉਂਦਾ ਹੈ। ਇਸ ਵਿੱਚ ਸ਼ਬਦ, ਕਿਰਿਆਵਾਂ ਜਾਂ ਸਰੀਰਕ ਸੰਪਰਕ ਸ਼ਾਮਿਲ ਹੋ ਸਕਦੇ ਹਨ। ਜਿਨਸੀ ਛੇੜ-ਛਾੜ ਕਿਸੇ ਨਾਲ ਵੀ ਹੋ ਸਕਦੀ ਹੈ, ਚਾਹੇ ਉਸਦੀ ਉਮਰ, ਲਿੰਗ, ਜਾਂ ਪਿਛੋਕੜ ਕੋਈ ਵੀ ਹੋਵੇ।
ਆਸਟ੍ਰੇਲੀਆ ਵਿੱਚ, ਜਿਨਸੀ ਛੇੜ-ਛਾੜ ਕਾਨੂੰਨ ਦੇ ਵਿਰੁੱਧ ਹੈ। ਤੁਸੀਂ ਇਸਦੀ ਸ਼ਿਕਾਇਤ ਆਪਣੇ ਕੰਮਕਾਜ ਵਾਲੀ ਥਾਂ, ਸਕੂਲ ਜਾਂ ਪੁਲਿਸ ਨੂੰ ਕਰ ਸਕਦੇ ਹੋ। ਕਾਨੂੰਨ ਤੁਹਾਨੂੰ ਜਿਨਸੀ ਛੇੜ-ਛਾੜ ਕੀਤੇ ਜਾਣ ਤੋਂ ਬਚਾਉਣ ਲਈ ਸੁਰੱਖਿਆ ਦਿੰਦਾ ਹੈ।
ਜਿਨਸੀ ਛੇੜ-ਛਾੜ ਇੱਕ ਗੰਭੀਰ ਸਮੱਸਿਆ ਹੈ ਕਿਉਂਕਿ ਇਹ ਲੋਕਾਂ ਨੂੰ ਅਸੁਰੱਖਿਅਤ ਅਤੇ ਅਸਹਿਜ ਮਹਿਸੂਸ ਕਰਵਾਉਂਦੀ ਹੈ। ਇਹ ਸਮਝਣਾ ਕਿ ਜਿਨਸੀ ਛੇੜ-ਛਾੜ ਕੀ ਹੈ ਅਤੇ ਮੱਦਦ ਕਿਵੇਂ ਪ੍ਰਾਪਤ ਕਰਨੀ ਹੈ, ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਮਹੱਤਵਪੂਰਨ ਹੈ। ਆਪਣੇ ਅਧਿਕਾਰਾਂ ਨੂੰ ਜਾਣ ਕੇ ਅਤੇ ਸਹਾਇਤਾ ਦੀ ਮੰਗ ਕਰਕੇ, ਤੁਸੀਂ ਆਪਣੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾ ਸਕਦੇ ਹੋ।
ਆਸਟ੍ਰੇਲੀਆ ਵਿੱਚ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ:
- ਤੁਹਾਨੂੰ ਸੁਰੱਖਿਅਤ ਅਤੇ ਸਤਿਕਾਰਤ ਮਹਿਸੂਸ ਕਰਨ ਦਾ ਅਧਿਕਾਰ ਹੈ।
- ਜਿਨਸੀ ਛੇੜ-ਛਾੜ ਕਦੇ ਵੀ ਤੁਹਾਡੀ ਗ਼ਲਤੀ ਨਹੀਂ ਹੁੰਦਾ ਹੈ।
- ਮੱਦਦ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।
ਜਿਨਸੀ ਛੇੜ-ਛਾੜ ਦੇ ਰੂਪ
ਜਿਨਸੀ ਛੇੜ-ਛਾੜ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਇੱਥੇ ਇਸਦੀਆਂ ਕੁੱਝ ਉਦਾਹਰਨਾਂ ਹਨ:
- ਜ਼ੁਬਾਨੀ ਛੇੜ-ਛਾੜ: ਕਾਮੁਕ ਟਿੱਪਣੀਆਂ, ਚੁਟਕਲੇ, ਜਾਂ ਤੁਹਾਡੇ ਸਰੀਰ ਜਾਂ ਸੈਕਸ ਜੀਵਨ ਬਾਰੇ ਨਿੱਜੀ ਸਵਾਲ ਪੁੱਛਣਾ।
- ਗ਼ੈਰ-ਜ਼ੁਬਾਨੀ ਛੇੜ-ਛਾੜ: ਘੂਰਨਾ, ਇਸ਼ਾਰੇ ਕਰਨਾ, ਜਾਂ ਅਣਚਾਹੇ ਕਾਮੁਕ ਮੈਸਜ਼ ਜਾਂ ਤਸਵੀਰਾਂ ਭੇਜਣਾ।
- ਸਰੀਰਕ ਛੇੜ-ਛਾੜ: ਤੁਹਾਡੀ ਸਹਿਮਤੀ ਤੋਂ ਬਿਨਾਂ ਤੁਹਾਨੂੰ ਛੂਹਣਾ, ਜੱਫੀ ਪਾਉਣਾ ਜਾਂ ਚੁੰਮਣਾ।
- ਧਮਕੀਆਂ ਅਤੇ ਡਰਾਉਣਾ: ਤੁਹਾਨੂੰ ਕੋਈ ਕਾਮੁਕ ਕਿਰਿਆ ਕਰਨ ਲਈ ਧਮਕੀ ਦੇਣਾ ਜਾਂ ਤੁਹਾਡੀ ਨੌਕਰੀ, ਗ੍ਰੇਡ ਜਾਂ ਹੋਰ ਚੀਜ਼ਾਂ ਦੀ ਵਰਤੋਂ ਕਰਕੇ ਤੁਹਾਨੂੰ ਅਣਚਾਹੇ ਕਾਮੁਕ ਵਿਵਹਾਰ ਲਈ ਮਜ਼ਬੂਰ ਕਰਨਾ।
ਜਿਨਸੀ ਛੇੜ-ਛਾੜ ਕਿੱਥੇ-ਕਿੱਥੇ ਹੋ ਸਕਦਾ ਹੈ?
ਜਿਨਸੀ ਛੇੜ-ਛਾੜ ਕਿਤੇ ਵੀ ਹੋ ਸਕਦੀ ਹੈ। ਇੱਥੇ ਇਸਦੇ ਹੋਣ ਦੀਆਂ ਕੁੱਝ ਆਮ ਥਾਂਵਾਂ ਹਨ:
- ਕਾਰਜ ਸਥਾਨ: ਬੌਸ, ਸਹਿ-ਕਰਮਚਾਰੀ, ਜਾਂ ਗਾਹਕ ਦੁਆਰਾ।
- ਸਕੂਲ ਜਾਂ ਯੂਨੀਵਰਸਿਟੀ: ਅਧਿਆਪਕਾਂ, ਪ੍ਰੋਫੈਸਰਾਂ, ਜਾਂ ਹੋਰ ਵਿਦਿਆਰਥੀਆਂ ਦੁਆਰਾ।
- ਜਨਤਕ ਸਥਾਨ: ਸੜਕ 'ਤੇ, ਦੁਕਾਨਾਂ ਵਿੱਚ, ਜਾਂ ਜਨਤਕ ਆਵਾਜਾਈ 'ਤੇ।
- ਔਨਲਾਈਨ: ਸੋਸ਼ਲ ਮੀਡੀਆ 'ਤੇ, ਈ-ਮੇਲਾਂ, ਜਾਂ ਮੈਸੇਜਿੰਗ ਐਪਾਂ ਰਾਹੀਂ।
- ਘਰ ਵਿੱਚ: ਪਰਿਵਾਰਕ ਮੈਂਬਰਾਂ ਜਾਂ ਮਹਿਮਾਨਾਂ ਦੁਆਰਾ।