ਪ੍ਰਜਨਨ ਸ਼ੋਸ਼ਣ ਕੀ ਹੁੰਦਾ ਹੈ?
ਪ੍ਰਜਨਨ ਸ਼ੋਸ਼ਣ ਉਦੋਂ ਵਾਪਰਦਾ ਹੈ ਜਦੋਂ ਕੋਈ ਤੁਹਾਡੀਆਂ ਬੱਚੇ ਪੈਦਾ ਕਰਨ ਦੀਆਂ ਚੋਣਾਂ ਨੂੰ ਨਿਯੰਤਰਿਤ ਕਰਦਾ ਹੈ ਜਾਂ ਉਨ੍ਹਾਂ ਵਿੱਚ ਦਖ਼ਲਅੰਦਾਜ਼ੀ ਕਰਦਾ ਹੈ। ਇਸ ਵਿੱਚ ਤੁਹਾਨੂੰ ਗਰਭ ਨਿਰੋਧ ਦੀ ਵਰਤੋਂ ਕਰਨ ਤੋਂ ਰੋਕਣਾ, ਤੁਹਾਨੂੰ ਗਰਭਵਤੀ ਹੋਣ ਲਈ ਮਜ਼ਬੂਰ ਕਰਨਾ, ਜਾਂ ਤੁਹਾਡੀ ਸਹਿਮਤੀ ਤੋਂ ਬਿਨਾਂ ਤੁਹਾਡੀ ਗਰਭ-ਅਵਸਥਾ ਬਾਰੇ ਫ਼ੈਸਲੇ ਲੈਣਾ ਸ਼ਾਮਿਲ ਹੋ ਸਕਦਾ ਹੈ। ਪ੍ਰਜਨਨ ਸ਼ੋਸ਼ਣ ਇੱਕ ਗੰਭੀਰ ਮੁੱਦਾ ਹੈ ਅਤੇ ਇਹ ਕਿਸੇ ਵੀ ਉਮਰ, ਲਿੰਗ, ਜਾਂ ਪਿਛੋਕੜ ਦੇ ਵਿਅਕਤੀ ਨਾਲ ਹੋ ਸਕਦਾ ਹੈ।
ਆਸਟ੍ਰੇਲੀਆ ਵਿੱਚ, ਪ੍ਰਜਨਨ ਸ਼ੋਸ਼ਣ ਨੂੰ ਘਰੇਲੂ ਅਤੇ ਪਰਿਵਾਰਕ ਹਿੰਸਾ ਦੇ ਇੱਕ ਰੂਪ ਵਜੋਂ ਮੰਨਿਆ ਜਾਂਦਾ ਹੈ। ਤੁਸੀਂ ਇਸਦੀ ਸ਼ਿਕਾਇਤ ਪੁਲਿਸ ਜਾਂ ਘਰੇਲੂ ਹਿੰਸਾ ਸੇਵਾ ਪ੍ਰਦਾਤਾ ਨੂੰ ਕਰ ਸਕਦੇ ਹੋ। ਕਾਨੂੰਨ ਤੁਹਾਡੀਆਂ ਬੱਚੇ ਨੂੰ ਜਨਮ ਦੇਣ ਲਈ ਆਪ ਚੋਣਾਂ ਕਰਨ ਦੇ ਤੁਹਾਡੇ ਅਧਿਕਾਰ ਦੀ ਸੁਰੱਖਿਆ ਕਰਦਾ ਹੈ।
ਪ੍ਰਜਨਨ ਸ਼ੋਸ਼ਣ ਇੱਕ ਗੰਭੀਰ ਸਮੱਸਿਆ ਹੈ ਕਿਉਂਕਿ ਇਹ ਤੁਹਾਡੇ ਆਪਣੇ ਸਰੀਰ ਅਤੇ ਸਿਹਤ ਉੱਤੇ ਤੁਹਾਡਾ ਕੰਟਰੋਲ ਖੋਹ ਲੈਂਦੀ ਹੈ। ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਕਰਨ ਲਈ ਪ੍ਰਜਨਨ ਸ਼ੋਸ਼ਣ ਨੂੰ ਸਮਝਣਾ ਮਹੱਤਵਪੂਰਨ ਹੈ।
ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ:
- ਇਹ ਤੁਹਾਡਾ ਸਰੀਰ ਹੈ ਅਤੇ ਤੁਹਾਨੂੰ ਆਪਣੀਆਂ ਬੱਚੇ ਪੈਦਾ ਕਰਨ ਦੀਆਂ ਚੋਣਾਂ ਕਰਨ ਦਾ ਅਧਿਕਾਰ ਹੈ।
- ਪ੍ਰਜਨਨ ਸ਼ੋਸ਼ਣ ਕਦੇ ਵੀ ਤੁਹਾਡੀ ਗ਼ਲਤੀ ਨਹੀਂ ਹੁੰਦਾ ਹੈ।
- ਮੱਦਦ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।
ਪ੍ਰਜਨਨ ਸ਼ੋਸ਼ਣ ਦੇ ਰੂਪ
ਪ੍ਰਜਨਨ ਸ਼ੋਸ਼ਣ ਕਈ ਤਰੀਕਿਆਂ ਨਾਲ ਹੋ ਸਕਦਾ ਹੈ। ਇੱਥੇ ਇਸਦੀਆਂ ਕੁੱਝ ਉਦਾਹਰਨਾਂ ਹਨ:
- ਗਰਭ-ਨਿਰੋਧ ਨੂੰ ਬੇਕਾਰ ਕਰਨਾ: ਤੁਹਾਡੇ ਗਰਭ-ਨਿਰੋਧ ਦੇ ਤਰੀਕਿਆਂ ਨੂੰ ਛੁਪਾਉਣਾ, ਨਸ਼ਟ ਕਰਨਾ ਜਾਂ ਉਨ੍ਹਾਂ ਨਾਲ ਛੇੜਛਾੜ ਕਰਨਾ।
- ਜ਼ਬਰਦਸਤੀ ਗਰਭਵਤੀ ਕਰਨਾ: ਤੁਹਾਨੂੰ ਗਰਭਵਤੀ ਹੋਣ ਲਈ ਦਬਾਅ ਪਾਉਣਾ ਜਾਂ ਮਜ਼ਬੂਰ ਕਰਨਾ।
- ਜ਼ਬਰਦਸਤੀ ਗਰਭਪਾਤ ਕਰਵਾਉਣਾ: ਤੁਹਾਡੇ 'ਤੇ ਗਰਭਪਾਤ ਕਰਵਾਉਣ ਲਈ ਦਬਾਅ ਪਾਉਣਾ ਜਾਂ ਮਜ਼ਬੂਰ ਕਰਨਾ।
- ਗਰਭਵਤੀ ਹੋਣ ਤੋਂ ਰੋਕਣਾ: ਜਦੋਂ ਤੁਸੀਂ ਗਰਭਵਤੀ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਗਰਭਵਤੀ ਹੋਣ ਤੋਂ ਰੋਕਣਾ।
- ਗਰਭ-ਅਵਸਥਾ ਦੇ ਫ਼ੈਸਲਿਆਂ ਨੂੰ ਨਿਯੰਤਰਿਤ ਕਰਨਾ: ਤੁਹਾਡੀ ਸਹਿਮਤੀ ਤੋਂ ਬਿਨਾਂ ਤੁਹਾਡੀ ਗਰਭ-ਅਵਸਥਾ ਬਾਰੇ ਫ਼ੈਸਲੇ ਲੈਣਾ, ਜਿਵੇਂ ਕਿ ਜਨਮ ਕਿੱਥੇ ਦੇਣਾ ਹੈ, ।
- ਜ਼ਬਰਦਸਤੀ ਕਰਨਾ: ਤੁਹਾਡੀਆਂ ਬੱਚੇ ਪੈਦਾ ਕਰਨ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਧਮਕੀਆਂ ਜਾਂ ਹੇਰਾਫੇਰੀ ਦੀ ਵਰਤੋਂ ਕਰਨਾ।
ਪ੍ਰਜਨਨ ਸ਼ੋਸ਼ਣ ਕਿੱਥੇ-ਕਿੱਥੇ ਹੋ ਸਕਦਾ ਹੈ?
ਪ੍ਰਜਨਨ ਸ਼ੋਸ਼ਣ ਕਿਸੇ ਵੀ ਰਿਸ਼ਤੇ ਵਿੱਚ ਅਤੇ ਕਿਤੇ ਵੀ ਹੋ ਸਕਦਾ ਹੈ। ਇੱਥੇ ਇਸਦੇ ਹੋਣ ਦੀਆਂ ਕੁੱਝ ਆਮ ਥਾਂਵਾਂ ਹਨ:
- ਘਰ: ਇੱਕ ਸਾਥੀ, ਜੀਵਨਸਾਥੀ, ਜਾਂ ਪਰਿਵਾਰਕ ਮੈਂਬਰ ਦੁਆਰਾ।
- ਹੈਲਥਕੇਅਰ ਸਥਾਨ: ਹੈਲਥਕੇਅਰ ਪ੍ਰਦਾਤਾ ਜਾਂ ਪੇਸ਼ੇਵਰ ਦੁਆਰਾ।
- ਕੰਮਕਾਜ ਵਾਲੀ ਥਾਂ: ਬੌਸ ਜਾਂ ਸਹਿ-ਕਰਮਚਾਰੀ ਦੁਆਰਾ ਜੋ ਤੁਹਾਡੀਆਂ ਬੱਚੇ ਪੈਦਾ ਕਰਨ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਹੈ।
- ਜਨਤਕ ਸਥਾਨ: ਜਾਣੂਆਂ ਜਾਂ ਅਜਨਬੀਆਂ ਦੁਆਰਾ ਜੋ ਤੁਹਾਡੇ ਬੱਚੇ ਪੈਦਾ ਕਰਨ ਸੰਬੰਧੀ ਫ਼ੈਸਲਿਆਂ ਵਿੱਚ ਦਖ਼ਲ ਦਿੰਦੇ ਹਨ।