ਬਾਲ ਜਿਨਸੀ ਸ਼ੋਸ਼ਣ ਕੀ ਹੁੰਦਾ ਹੈ?
ਬਾਲ ਜਿਨਸੀ ਸ਼ੋਸ਼ਣ ਕਿਸੇ ਵੀ ਬੱਚੇ ਨਾਲ ਕੀਤੀ ਗਈ ਕੋਈ ਵੀ ਕਾਮੁਕ ਗਤੀਵਿਧੀ ਹੈ। ਇਸ ਵਿੱਚ ਛੂਹਣਾ, ਚੁੰਮਣਾ, ਜਾਂ ਹੋਰ ਕੋਈ ਵੀ ਕਾਮੁਕ ਵਤੀਰਾ ਸ਼ਾਮਿਲ ਹੋ ਸਕਦਾ ਹੈ। ਇਹ ਇੱਕ ਗੰਭੀਰ ਅਪਰਾਧ ਹੈ ਅਤੇ ਇਹ ਕਿਸੇ ਵੀ ਉਮਰ, ਲਿੰਗ, ਜਾਂ ਪਿਛੋਕੜ ਦੇ ਬੱਚੇ ਨਾਲ ਹੋ ਸਕਦਾ ਹੈ।
ਆਸਟ੍ਰੇਲੀਆ ਵਿੱਚ, ਬਾਲ ਜਿਨਸੀ ਸ਼ੋਸ਼ਣ ਇੱਕ ਗੰਭੀਰ ਅਪਰਾਧ ਹੈ। ਤੁਸੀਂ ਪੁਲਿਸ ਜਾਂ ਬਾਲ ਸੁਰੱਖਿਆ ਸੇਵਾਵਾਂ ਨੂੰ ਇਸਦੀ ਰਿਪੋਰਟ ਕਰ ਸਕਦੇ ਹੋ। ਕਾਨੂੰਨ ਬੱਚਿਆਂ ਦੀ ਸੁਰੱਖਿਆ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਕਿ ਸ਼ੋਸ਼ਣ ਕਰਨ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਵੇ। ਬੱਚਾ ਕਦੇ ਵੀ ਕਿਸੇ ਕਾਮੁਕ ਗਤੀਵਿਧੀ ਲਈ ਸਹਿਮਤੀ ਨਹੀਂ ਦੇ ਸਕਦਾ ਹੈ।
ਬਾਲ ਜਿਨਸੀ ਸ਼ੋਸ਼ਣ ਇੱਕ ਗੰਭੀਰ ਸਮੱਸਿਆ ਹੈ ਕਿਉਂਕਿ ਇਹ ਬੱਚਿਆਂ ਨੂੰ ਹਮੇਸ਼ਾ ਰਹਿਣ ਵਾਲਾ ਨੁਕਸਾਨ ਪਹੁੰਚਾਉਂਦਾ ਹੈ। ਇਹ ਸਮਝਣਾ ਕਿ ਬਾਲ ਜਿਨਸੀ ਸ਼ੋਸ਼ਣ ਕੀ ਹੈ ਅਤੇ ਮੱਦਦ ਕਿਵੇਂ ਪ੍ਰਾਪਤ ਕਰਨੀ ਹੈ, ਬੱਚਿਆਂ ਦੀ ਸੁਰੱਖਿਆ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਹੈ। ਆਪਣੇ ਅਧਿਕਾਰਾਂ ਨੂੰ ਜਾਣ ਕੇ ਅਤੇ ਸਹਾਇਤਾ ਦੀ ਮੰਗ ਕਰਕੇ, ਤੁਸੀਂ ਇਸ ਸ਼ੋਸ਼ਣ ਨੂੰ ਖ਼ਤਮ ਕਰਨ ਅਤੇ ਸਾਰੇ ਬੱਚਿਆਂ ਲਈ ਇੱਕ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਵਿੱਚ ਮੱਦਦ ਕਰ ਸਕਦੇ ਹੋ।
ਬਾਲ ਜਿਨਸੀ ਸ਼ੋਸ਼ਣ ਇੱਕ ਗੰਭੀਰ ਸਮੱਸਿਆ ਹੈ। ਆਸਟ੍ਰੇਲੀਆ ਵਿੱਚ:
- ਬੱਚਿਆਂ ਨੂੰ ਨੁਕਸਾਨ ਤੋਂ ਸੁਰੱਖਿਅਤ ਰਹਿਣ ਅਤੇ ਸੁਰੱਖਿਅਤ ਕੀਤੇ ਜਾਣ ਦਾ ਅਧਿਕਾਰ ਹੈ।
- ਬਾਲ ਜਿਨਸੀ ਸ਼ੋਸ਼ਣ ਕਦੇ ਵੀ ਬੱਚੇ ਦੀ ਗ਼ਲਤੀ ਨਹੀਂ ਹੁੰਦਾ ਹੈ, ਅਤੇ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਉਣਾ ਮਹੱਤਵਪੂਰਨ ਹੁੰਦਾ ਹੈ।
- ਮੱਦਦ ਉਪਲਬਧ ਹੈ, ਅਤੇ ਤੁਸੀਂ ਅਤੇ ਤੁਹਾਡਾ ਬੱਚਾ ਇਕੱਲੇ ਨਹੀਂ ਹੋ।
ਬਾਲ ਜਿਨਸੀ ਸ਼ੋਸ਼ਣ ਦੇ ਰੂਪ
ਬਾਲ ਜਿਨਸੀ ਸ਼ੋਸ਼ਣ ਕਈ ਤਰੀਕਿਆਂ ਨਾਲ ਹੋ ਸਕਦਾ ਹੈ। ਇੱਥੇ ਇਸਦੀਆਂ ਕੁੱਝ ਉਦਾਹਰਨਾਂ ਹਨ:
- ਛੂਹਣਾ: ਬੱਚੇ ਨਾਲ ਕਿਸੇ ਵੀ ਪ੍ਰਕਾਰ ਦਾ ਕਾਮੁਕ ਸੰਪਰਕ ਜਾਂ ਪਿਆਰ-ਦੁਲਾਰ ਕਰਨਾ।
- ਚੁੰਮਣਾ: ਇੱਕ ਬੱਚੇ ਨੂੰ ਕਾਮੁਕ ਤਰੀਕੇ ਨਾਲ ਚੁੰਮਣਾ।
- ਐਕਸਪੋਜ਼ਰ: ਬੱਚੇ ਨੂੰ ਕਾਮੁਕ ਤਸਵੀਰਾਂ ਦਿਖਾਉਣਾ ਜਾਂ ਉਹਨਾਂ ਨੂੰ ਕਾਮੁਕ ਕਿਰਿਆਵਾਂ ਦੇਖਣ ਲਈ ਮਜ਼ਬੂਰ ਕਰਨਾ।
- ਸ਼ੋਸ਼ਣ: ਜਿਨਸੀ ਤਸਵੀਰਾਂ ਜਾਂ ਵੀਡੀਓ ਬਣਾਉਣ ਲਈ ਬੱਚੇ ਦੀ ਵਰਤੋਂ ਕਰਨਾ।
- ਜ਼ਬਰਦਸਤੀ: ਕਿਸੇ ਬੱਚੇ ਨੂੰ ਜਿਨਸੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਲਈ ਮਜ਼ਬੂਰ ਕਰਨਾ ਜਾਂ ਹੇਰਾਫੇਰੀ ਕਰਨਾ।
ਬਾਲ ਜਿਨਸੀ ਸ਼ੋਸ਼ਣ ਕਿੱਥੇ-ਕਿੱਥੇ ਹੋ ਸਕਦਾ ਹੈ?
ਬਾਲ ਜਿਨਸੀ ਸ਼ੋਸ਼ਣ ਕਿਤੇ ਵੀ ਹੋ ਸਕਦਾ ਹੈ। ਇੱਥੇ ਇਸਦੇ ਹੋਣ ਦੀਆਂ ਕੁੱਝ ਆਮ ਥਾਂਵਾਂ ਹਨ:
- ਘਰ: ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਜਾਂ ਮਹਿਮਾਨਾਂ ਦੁਆਰਾ।
- ਸਕੂਲ: ਅਧਿਆਪਕਾਂ, ਸਟਾਫ਼, ਜਾਂ ਹੋਰ ਵਿਦਿਆਰਥੀਆਂ ਦੁਆਰਾ।
- ਭਾਈਚਾਰਾ: ਗੁਆਂਢੀਆਂ, ਦੋਸਤਾਂ ਜਾਂ ਜਾਣ-ਪਛਾਣ ਵਾਲਿਆਂ ਦੁਆਰਾ।
- ਔਨਲਾਈਨ: ਸੋਸ਼ਲ ਮੀਡੀਆ, ਮੈਸੇਜਿੰਗ ਐਪਾਂ, ਜਾਂ ਔਨਲਾਈਨ ਗੇਮਾਂ ਰਾਹੀਂ।
ਬਾਲ ਜਿਨਸੀ ਸ਼ੋਸ਼ਣ ਨੂੰ ਪਛਾਣਨਾ
ਬਾਲ ਜਿਨਸੀ ਸ਼ੋਸ਼ਣ ਨੂੰ ਪਛਾਣਨਾ ਔਖਾ ਹੋ ਸਕਦਾ ਹੈ, ਪਰ ਇਸਦੇ ਕੁੱਝ ਲੱਛਣਾਂ ਵਿੱਚ ਇਹ ਸ਼ਾਮਿਲ ਹਨ:
- ਵਿਵਹਾਰ ਜਾਂ ਮਿਜ਼ਾਜ਼ ਵਿੱਚ ਅਚਾਨਕ ਬਦਲਾਅ ਹੋਣਾ।
- ਬੇਵਜ੍ਹਾ ਸੱਟਾਂ ਜਾਂ ਲਾਗਾਂ ਲੱਗਣੀਆਂ।
- ਕੁੱਝ ਖ਼ਾਸ ਲੋਕਾਂ ਜਾਂ ਥਾਵਾਂ ਤੋਂ ਡਰਨਾ।
- ਕਾਮੁਕ ਗਿਆਨ ਜਾਂ ਵਿਵਹਾਰ ਜੋ ਉਨ੍ਹਾਂ ਦੀ ਉਮਰ ਮੁਤਾਬਿਕ ਢੁੱਕਵਾਂ ਨਹੀਂ ਹੈ।
- ਦੋਸਤਾਂ ਜਾਂ ਉਨ੍ਹਾਂ ਗਤੀਵਿਧੀਆਂ ਤੋਂ ਪਿੱਛੇ ਹੱਟਣਾ ਜੋ ਉਹ ਪਹਿਲਾਂ ਪਸੰਦ ਕਰਦੇ ਸਨ।