ਜਿਨਸੀ ਹਿੰਸਾ

ਜਿਨਸੀ ਹਿੰਸਾ ਕੀ ਹੈ?

ਜਿਨਸੀ ਹਿੰਸਾ ਹਰ ਉਸ ਕਾਮੁਕ ਕਿਰਿਆ ਨੂੰ ਕਹਿੰਦੇ ਹਨ, ਜਿਵੇਂ ਕਿ ਛੂਹਣਾ, ਚੁੰਮਣਾ, ਘਸਰਨਾ, ਜਾਂ ਸੰਭੋਗ, ਜੋ ਬਿਨਾਂ ਸਹਿਮਤੀ ਦੇ ਕੀਤੀ ਜਾਂਦੀ ਹੈ। ਇਸਦਾ ਮਤਲਬ ਹੈ ਕਿ ਪੀੜਤ ਨੇ ਇਸ ਲਈ ਸਹਿਮਤੀ ਨਹੀਂ ਦਿੱਤੀ ਸੀ ਅਤੇ ਉਸ ਨੂੰ ਇਸ ਲਈ ਮਜ਼ਬੂਰ ਕੀਤਾ ਗਿਆ, ਧੋਖਾ ਦਿੱਤਾ ਗਿਆ, ਜਾਂ ਹੇਰਾਫੇਰੀ ਕੀਤੀ ਗਈ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਕਿਰਿਆ ਪੂਰੀ ਕੀਤੀ ਗਈ ਜਾਂ ਸਿਰਫ਼ ਕੋਸ਼ਿਸ਼ ਕੀਤੀ ਗਈ।

ਜਿਨਸੀ ਸਹਿਮਤੀ ਉਹ ਹੁੰਦੀ ਹੈ ਜਦੋਂ ਦੋ ਜਾਂ ਦੋ ਤੋਂ ਵੱਧ ਲੋਕ ਕੋਈ ਜਿਨਸੀ ਕਿਰਿਆ ਕਰਨ ਲਈ ਸਹਿਮਤ ਹੁੰਦੇ ਹਨ। ਸਹਿਮਤੀ ਲਾਜ਼ਮੀ ਤੌਰ 'ਤੇ ਬੇਰੋਕ, ਸਵੈ-ਇੱਛਤ, ਸੂਚਿਤ ਅਤੇ ਉਤਸ਼ਾਹ ਸਹਿਤ ਹੋਣੀ ਚਾਹੀਦੀ ਹੈ। ਹਰ ਸ਼ਾਮਿਲ ਵਿਅਕਤੀ ਸੱਚਮੁੱਚ ਉਸ ਵਿੱਚ ਹਿੱਸਾ ਲੈਣਾ ਚਾਹੁੰਦਾ ਹੋਣਾ ਲਾਜ਼ਮੀ ਹੈ।

  • ਸਹਿਮਤੀ ਬਦਲਣਾ: ਤੁਸੀਂ ਜਿਨਸੀ ਕਿਰਿਆ ਦੌਰਾਨ ਕਿਸੇ ਵੀ ਸਮੇਂ ਆਪਣਾ ਮਨ ਬਦਲ ਸਕਦੇ ਹੋ। ਇਹ ਮਹੱਤਵਪੂਰਨ ਹੈ ਕਿ ਪੂਰੀ ਕਿਰਿਆ ਦੌਰਾਨ ਸਹਿਮਤੀ ਲਈ ਪੁੱਛਿਆ ਜਾਵੇ।
  • ਜਦੋਂ ਸਹਿਮਤੀ ਸੰਭਵ ਨਹੀਂ ਹੈ: ਕੋਈ ਵਿਅਕਤੀ ਜੋ ਬੇਹੋਸ਼, ਸੁੱਤਾ ਹੋਇਆ, ਨਸ਼ੇ ਵਿੱਚ, ਜਾਂ ਨਾਬਾਲਗ਼ ਹੈ (ਰਾਜ ਜਾਂ ਟੈਰੀਟਰੀ 'ਤੇ ਨਿਰਭਰ ਕਰਦਿਆਂ ਹੋਏ 16 ਜਾਂ 17 ਸਾਲ ਤੋਂ ਘੱਟ ਉਮਰ ਦਾ ਹੈ) ਉਹ ਸਹਿਮਤੀ ਨਹੀਂ ਦੇ ਸਕਦਾ ਹੈ।

ਆਸਟ੍ਰੇਲੀਆ ਵਿੱਚ, ਜਿਨਸੀ ਹਮਲਾ ਕਾਨੂੰਨ ਦੇ ਖ਼ਿਲਾਫ ਹੈ:

  • ਤੁਹਾਡੇ ਕੋਲ ਸੁਰੱਖਿਅਤ ਅਤੇ ਆਦਰਪੂਰਨ ਰਹਿਣ ਦਾ ਅਧਿਕਾਰ ਹੈ।
  • ਜਿਨਸੀ ਹਿੰਸਾ ਕਦੇ ਵੀ ਤੁਹਾਡੀ ਗ਼ਲਤੀ ਨਹੀਂ ਹੁੰਦੀ ਹੈ।
  • ਮੱਦਦ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।

ਸ਼ੋਸ਼ਣ ਕਰਨ ਵਾਲਾ ਕੌਣ ਹੋ ਸਕਦਾ ਹੈ?

ਸ਼ੋਸ਼ਣ ਕਰਨ ਵਾਲਾ ਅਜਿਹਾ ਵਿਅਕਤੀ ਹੋ ਸਕਦਾ ਹੈ ਜਿਸ ਨੂੰ ਤੁਸੀਂ ਜਾਣਦੇ ਹੋ ਜਾਂ ਕੋਈ ਅਜਨਬੀ ਵੀ ਹੋ ਸਕਦਾ ਹੈ, ਜਿਵੇਂ ਕਿ:

  • ਸਾਥੀ, ਬੁਆਏਫ੍ਰੈਂਡ, ਗਰਲਫ੍ਰੈਂਡ, ਜਾਂ ਜੀਵਨ ਸਾਥੀ
  • ਸਾਬਕਾ ਸਾਥੀ, ਸਾਬਕਾ ਬੁਆਏਫ੍ਰੈਂਡ, ਸਾਬਕਾ ਗਰਲਫ੍ਰੈਂਡ, ਜਾਂ ਸਾਬਕਾ ਜੀਵਨ ਸਾਥੀ
  • ਦੇਖਭਾਲਕਰਤਾ, ਸਰਪ੍ਰਸਤ, ਜਾਂ ਪਰਿਵਾਰਕ ਮੈਂਬਰ
  • ਦੋਸਤ ਜਾਂ ਸਹਿਕਰਮੀ
  • ਸਰੀਰਕ ਸੰਬੰਧ ਬਣਾਉਣ ਵਾਲਾ ਸਾਥੀ (ਕਦੇ-ਕਦਾਈਂ ਜਾਂ ਲੰਬੇ ਸਮੇਂ ਵਾਲੇ)
  • ਅਧਿਆਪਕ, ਪ੍ਰੋਫੈਸਰ, ਜਾਂ ਕੋਚ
  • ਜਾਣ-ਪਛਾਣ ਵਾਲੇ

ਜਿਨਸੀ ਹਿੰਸਾ ਦੇ ਰੂਪ

ਜਿਨਸੀ ਹਿੰਸਾ ਕਈ ਤਰੀਕਿਆਂ ਨਾਲ ਹੋ ਸਕਦੀ ਹੈ, ਜਿਸ ਵਿੱਚ ਸ਼ਾਮਿਲ ਹਨ:

  • ਜਿਨਸੀ ਹਮਲਾ
  • ਜਿਨਸੀ ਸ਼ੋਸ਼ਣ
  • ਬਲਾਤਕਾਰ
  • ਜਿਨਸੀ ਛੇੜ-ਛਾੜ
  • ਸਟੀਲਥਿੰਗ/ਚੋਰੀ (ਸਹਿਮਤੀ ਤੋਂ ਬਿਨਾਂ ਕੰਡੋਮ ਨੂੰ ਹਟਾਉਣਾ)
  • ਅਣਚਾਹੇ ਜਿਨਸੀ ਪ੍ਰਗਟਾਵੇ
  • ਅਣਚਾਹੀਆਂ ਜਿਨਸੀ ਟਿੱਪਣੀਆਂ ਜਾਂ ਚੁਟਕਲੇ
  • ਬਿਨਾਂ ਸਹਿਮਤੀ ਦੇ ਤੁਹਾਡੀਆਂ ਫ਼ੋਟੋਆਂ ਅੱਗੇ ਸਾਂਝੀਆਂ ਕਰਨਾ
  • ਅਣਚਾਹਿਆ ਸਰੀਰਕ ਸੰਪਰਕ (ਉਦਾਹਰਨ ਲਈ, ਛੂਹਣਾ, ਚੁੰਮਣਾ, ਘਸਰਨਾ)
  • ਪਿੱਛਾ ਕਰਨਾ
  • ਅਣਚਾਹਿਆ ਅਸ਼ਲੀਲ ਸੰਚਾਰ (ਸ਼ਬਦ, ਤਸਵੀਰਾਂ, ਸੋਸ਼ਲ ਮੀਡੀਆ)
  • ਵਾਯੂਰਿਜ਼ਮ (ਕਿਸੇ ਨੂੰ ਉਸਦੀ ਸਹਿਮਤੀ ਤੋਂ ਬਿਨਾਂ ਦੇਖਣਾ)
  • ਬਾਲ ਜਿਨਸੀ ਸ਼ੋਸ਼ਣ
  • ਜਿਨਸੀ ਸ਼ੋਸ਼ਣ ਅਤੇ ਤਸਕਰੀ
  • ਸਪਾਈਕਿੰਗ (ਕਿਸੇ ਦੀ ਜਾਣਕਾਰੀ ਤੋਂ ਬਿਨਾਂ ਉਨ੍ਹਾਂ ਦੇ ਪੀਣ ਵਾਲੇ ਪਦਾਰਥ ਵਿੱਚ ਨਸ਼ੀਲੇ ਪਦਾਰਥ ਜਾਂ ਸ਼ਰਾਬ ਮਿਲਾਉਣਾ)

ਜਿਨਸੀ ਹਿੰਸਾ ਦਾ ਪ੍ਰਭਾਵ

ਜਿਨਸੀ ਹਿੰਸਾ ਤੋਂ ਬਚਣ ਵਾਲੇ ਬਹੁਤ ਸਾਰੇ ਲੋਕ ਸ਼ਰਮਿੰਦਗੀ ਅਤੇ ਦੋਸ਼ੀਪਣ ਮਹਿਸੂਸ ਕਰਦੇ ਹਨ ਜਾਂ ਡਰਦੇ ਹਨ ਕਿ ਹੋਰ ਲੋਕ ਕਿਵੇਂ ਪ੍ਰਤੀਕਿਰਿਆ ਕਰਨਗੇ। ਇਹ ਅਕਸਰ ਉਹਨਾਂ ਨੂੰ ਸ਼ੋਸ਼ਣ ਦੀ ਰਿਪੋਰਟ ਕਰਨ ਜਾਂ ਮੱਦਦ ਮੰਗਣ ਤੋਂ ਰੋਕਦਾ ਹੈ।

ਜੇਕਰ ਤੁਸੀਂ ਕਿਸੇ ਕਿਸਮ ਦੀ ਜਿਨਸੀ ਹਿੰਸਾ ਦਾ ਅਨੁਭਵ ਕੀਤਾ ਹੈ, ਤਾਂ ਯਾਦ ਰੱਖੋ ਕਿ ਇਹ ਤੁਹਾਡੀ ਗ਼ਲਤੀ ਨਹੀਂ ਹੈ। ਤੁਹਾਡੇ ਨਾਲ ਜੋ ਹੋਇਆ ਹੈ ਉਹ ਇਸ ਕਰਕੇ ਨਹੀਂ ਹੋਇਆ ਕਿ ਤੁਸੀਂ ਕੀ ਪਹਿਨਦੇ ਹੋ, ਤੁਸੀਂ ਕੌਣ ਹੋ, ਜਾਂ ਤੁਸੀਂ ਕੀ ਕਰਦੇ ਹੋ। ਜਿਨਸੀ ਹਿੰਸਾ ਕਿਸੇ ਨਾਲ ਵੀ ਹੋ ਸਕਦੀ ਹੈ।

ਸਹਾਇਤਾ ਪ੍ਰਾਪਤ ਕਰਨਾ

ਜੇਕਰ ਤੁਸੀਂ ਜਾਂ ਤੁਹਾਡੇ ਕਿਸੇ ਜਾਣਕਾਰ ਨੇ ਜਿਨਸੀ ਹਿੰਸਾ ਦਾ ਅਨੁਭਵ ਕੀਤਾ ਹੈ, ਤਾਂ ਪੁਲਿਸ ਜਾਂ ਕੋਈ ਘਰੇਲੂ, ਪਰਿਵਾਰਕ ਅਤੇ ਜਿਨਸੀ ਹਿੰਸਾ ਸੇਵਾ ਪ੍ਰਦਾਤਾ ਤੁਹਾਡੀ ਮੱਦਦ ਕਰ ਸਕਦੇ ਹਨ।

1800RESPECT: ਗੁਪਤ ਸਹਾਇਤਾ ਅਤੇ ਸਲਾਹ ਲੈਣ ਲਈ 1800 737 732 'ਤੇ ਫ਼ੋਨ ਕਰੋ।

ਤੁਸੀਂ ਸਹਾਇਤਾ ਪ੍ਰਾਪਤ ਕਰਨ ਲਈ Support for Trafficked People Program ਨਾਲ 03 9345 1800 'ਤੇ ਜਾਂ national_STPP@redcross.org.au 'ਤੇ ਸੰਪਰਕ ਕਰ ਸਕਦੇ ਹੋ।

ਤੁਸੀਂ Australian Federal Police ਨਾਲ 131 237 'ਤੇ ਸੰਪਰਕ ਕਰ ਸਕਦੇ ਹੋ ਜਾਂ AFP ਦੀ ਵੈੱਬਸਾਈਟ 'ਤੇ ਜਾ ਸਕਦੇ ਹੋ।

ਲੀਗਲ ਏਡ ਸਰਵਿਸਜ਼: ਮੁਫ਼ਤ ਕਾਨੂੰਨੀ ਸਲਾਹ ਅਤੇ ਸਹਾਇਤਾ ਦੀ ਪੇਸ਼ਕਸ਼ ਕਰਦੀਆਂ ਹਨ। ਉਹ ਤੁਹਾਨੂੰ ਤੁਹਾਡੇ ਅਧਿਕਾਰਾਂ ਬਾਰੇ ਦੱਸ ਸਕਦੇ ਹਨ ਅਤੇ ਕਾਨੂੰਨੀ ਮਸਲਿਆਂ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ। ਤੁਸੀਂ ਇੱਥੇ ਆਪਣੇ ਰਾਜ ਜਾਂ ਟੈਰੀਟਰੀ ਵਿਚਲੀ ਲੀਗਲ ਏਡ ਸੇਵਾ ਲਈ ਸੰਪਰਕ ਕਰ ਸਕਦੇ ਹੋ।

ਆਸਟ੍ਰੇਲੀਆਈ ਸਰਕਾਰ ਕੋਲ ਤੁਹਾਡੀ ਭਾਸ਼ਾ ਵਿੱਚ ਵੀ ਜਿਨਸੀ ਸਹਿਮਤੀ ਬਾਰੇ ਉਪਯੋਗੀ ਸਰੋਤ ਹਨ।

ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ, ਸਾਡੇ ਸਹਾਇਤਾ ਸੇਵਾਵਾਂ ਪੰਨੇ 'ਤੇ ਜਾਓ।