ਨਜ਼ਰਅੰਦਾਜ਼ ਕਰਨਾ ਕੀ ਹੁੰਦਾ ਹੈ?
ਨਜ਼ਰਅੰਦਾਜ਼ ਕੀਤੇ ਜਾਣਾ ਉਦੋਂ ਹੁੰਦਾ ਹੈ ਜਦੋਂ ਕੋਈ ਵਿਅਕਤੀ ਕਿਸੇ ਵਿਅਕਤੀ ਦੀ ਭਲਾਈ ਲਈ ਲੋੜੀਂਦੀ ਦੇਖਭਾਲ ਅਤੇ ਸਹਾਇਤਾ ਪ੍ਰਦਾਨ ਨਹੀਂ ਕਰਦਾ ਹੈ। ਇਸ ਵਿੱਚ ਸਹੀ ਭੋਜਨ, ਰਿਹਾਇਸ਼, ਡਾਕਟਰੀ ਦੇਖਭਾਲ, ਜਾਂ ਭਾਵਨਾਤਮਕ ਸਹਾਇਤਾ ਨਾ ਦੇਣਾ ਸ਼ਾਮਿਲ ਹੋ ਸਕਦਾ ਹੈ। ਨਜ਼ਰਅੰਦਾਜ਼ ਕਰਨਾ ਇੱਕ ਗੰਭੀਰ ਮੁੱਦਾ ਹੈ ਅਤੇ ਕਿਸੇ ਨਾਲ ਵੀ ਹੋ ਸਕਦਾ ਹੈ, ਪਰ ਇਹ ਵਿਸ਼ੇਸ਼ ਤੌਰ 'ਤੇ ਅਪੰਗਤਾ ਵਾਲੇ ਲੋਕਾਂ ਲਈ ਨੁਕਸਾਨਦੇਹ ਹੈ।
ਨਜ਼ਰਅੰਦਾਜ਼ ਕਰਨਾ ਇੱਕ ਗੰਭੀਰ ਸਮੱਸਿਆ ਹੈ ਕਿਉਂਕਿ ਇਹ ਅਪੰਗਤਾ ਵਾਲੇ ਲੋਕਾਂ ਦੀ ਭਲਾਈ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਹ ਸਮਝਣਾ ਕਿ ਨਜ਼ਰਅੰਦਾਜ਼ ਕਰਨਾ ਕੀ ਹੁੰਦਾ ਹੈ ਅਤੇ ਮੱਦਦ ਕਿਵੇਂ ਪ੍ਰਾਪਤ ਕਰਨੀ ਹੈ, ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਮਹੱਤਵਪੂਰਨ ਹੈ। ਆਪਣੇ ਅਧਿਕਾਰਾਂ ਨੂੰ ਜਾਣ ਕੇ ਅਤੇ ਸਹਾਇਤਾ ਦੀ ਮੰਗ ਕਰਕੇ, ਤੁਸੀਂ ਹਰ ਕਿਸੇ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾ ਸਕਦੇ ਹੋ।
ਆਸਟ੍ਰੇਲੀਆ ਵਿੱਚ, ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ:
- ਤੁਹਾਨੂੰ ਦੇਖਭਾਲ ਅਤੇ ਸਹਾਇਤਾ ਪ੍ਰਾਪਤ ਕਰਨ ਦਾ ਅਧਿਕਾਰ ਹੈ।
- ਨਜ਼ਰਅੰਦਾਜ਼ ਕੀਤੇ ਜਾਣਾ ਕਦੇ ਵੀ ਤੁਹਾਡੀ ਗ਼ਲਤੀ ਨਹੀਂ ਹੁੰਦਾ ਹੈ।
- ਮੱਦਦ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।
ਜੇਕਰ ਤੁਸੀਂ ਕੋਈ ਦੇਖਭਾਲਕਰਤਾ ਹੋ, ਤਾਂ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਇਹ ਯਕੀਨੀ ਬਣਾਉਣਾ ਤੁਹਾਡੀ ਕਾਨੂੰਨੀ ਜ਼ਿੰਮੇਵਾਰੀ ਹੈ ਕਿ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ, ਉਸ ਦੀ ਕੋਈ ਇੱਜ਼ਤ ਹੈ ਅਤੇ ਉਹ ਚੰਗੀ ਤਰ੍ਹਾਂ ਸਹਾਇਤਾ ਪ੍ਰਾਪਤ ਹੈ।
ਨਜ਼ਰਅੰਦਾਜ਼ ਕੀਤੇ ਜਾਣ ਦੇ ਰੂਪ
ਨਜ਼ਰਅੰਦਾਜ਼ ਕੀਤੇ ਜਾਣਾ ਕਈ ਰੂਪਾਂ ਵਿੱਚ ਹੋ ਸਕਦਾ ਹੈ। ਇੱਥੇ ਇਸਦੀਆਂ ਕੁੱਝ ਉਦਾਹਰਨਾਂ ਹਨ:
- ਸਰੀਰਕ ਤੌਰ 'ਤੇ ਨਜ਼ਰਅੰਦਾਜ਼ ਕਰਨਾ: ਲੋੜੀਂਦਾ ਭੋਜਨ, ਸਾਫ਼-ਸੁਥਰੇ ਕੱਪੜੇ, ਜਾਂ ਸੁਰੱਖਿਅਤ ਰਹਿਣ-ਸਹਿਣ ਦਾ ਮਾਹੌਲ ਨਾ ਪ੍ਰਦਾਨ ਕਰਨਾ।
- ਡਾਕਟਰੀ ਤੌਰ 'ਤੇ ਨਜ਼ਰਅੰਦਾਜ਼ ਕਰਨਾ: ਜ਼ਰੂਰੀ ਦਵਾਈਆਂ, ਇਲਾਜ, ਜਾਂ ਡਾਕਟਰੀ ਮੁਲਾਕਾਤਾਂ ਨਾ ਦੇਣਾ।
- ਭਾਵਨਾਤਮਕ ਤੌਰ 'ਤੇ ਨਜ਼ਰਅੰਦਾਜ਼ ਕਰਨਾ: ਭਾਵਨਾਤਮਕ ਸਮਰਥਨ, ਪਿਆਰ, ਜਾਂ ਧਿਆਨ ਨਾ ਦੇਣਾ।
- ਵਿੱਦਿਅਕ ਤੌਰ 'ਤੇ ਨਜ਼ਰਅੰਦਾਜ਼ ਕਰਨਾ: ਲੋੜੀਂਦੇ ਵਿੱਦਿਅਕ ਮੌਕੇ ਜਾਂ ਸਹਾਇਤਾ ਪ੍ਰਦਾਨ ਨਾ ਕਰਨਾ।
ਕੋਈ ਵੀ ਵਿਅਕਤੀ ਨਜ਼ਰਅੰਦਾਜ਼ ਕੀਤੇ ਜਾਣ ਤੋਂ ਪ੍ਰਭਾਵਿਤ ਹੋ ਸਕਦਾ ਹੈ, ਪਰ ਅਪੰਗਤਾ ਵਾਲੇ ਲੋਕ ਖ਼ਾਸ ਤੌਰ 'ਤੇ ਇਸ ਪ੍ਰਤੀ ਕਮਜ਼ੋਰ ਹੁੰਦੇ ਹਨ। ਇਸ ਵਿੱਚ ਸਰੀਰਕ ਜਾਂ ਮਾਨਸਿਕ ਅਪੰਗਤਾ ਵਾਲੇ ਬੱਚੇ, ਬਾਲਗ਼ ਅਤੇ ਬਜ਼ੁਰਗ ਵਿਅਕਤੀ ਸ਼ਾਮਿਲ ਹੋ ਸਕਦੇ ਹਨ।