ਅਪੰਗਤਾ ਵਾਲੇ ਲੋਕਾਂ ਨੂੰ ਬਾਕੀਆਂ ਨਾਲੋਂ ਸ਼ੋਸ਼ਣ ਅਤੇ ਹਿੰਸਾ ਦਾ ਵੱਧ ਸਾਹਮਣਾ ਕਰਨਾ ਪੈਂਦਾ ਹੈ। ਅਪਾਹਜ ਔਰਤਾਂ ਨੂੰ ਗੂੜ੍ਹ-ਸੰਬੰਧਾਂ ਵਾਲੇ ਸਾਥੀਆਂ ਤੋਂ ਜਿਨਸੀ ਹਿੰਸਾ ਅਤੇ ਸ਼ੋਸ਼ਣ ਕੀਤੇ ਜਾਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।
ਅਪਾਹਜ ਔਰਤਾਂ ਨੂੰ ਦੂਜੀਆਂ ਔਰਤਾਂ ਵਾਂਗ ਹੀ ਵੱਖ-ਵੱਖ ਤਰ੍ਹਾਂ ਦੇ ਸ਼ੋਸ਼ਣ ਅਤੇ ਹਿੰਸਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਉਹ ਵਿਲੱਖਣ ਸਮੱਸਿਆਵਾਂ ਨਾਲ ਵੀ ਜੂਝਦੀਆਂ ਹਨ ਜੋ ਉਹਨਾਂ ਲਈ ਮੱਦਦ ਪ੍ਰਾਪਤ ਕਰਨਾ ਔਖਾ ਬਣਾ ਸਕਦੀਆਂ ਹਨ।
ਇੱਥੇ ਕੁੱਝ ਉਦਾਹਰਨਾਂ ਦਿੱਤੀਆਂ ਗਈਆਂ ਹਨ:
- ਸਰੀਰਕ ਸ਼ੋਸ਼ਣ: ਇਸ ਵਿੱਚ ਉਹ ਕਾਰਵਾਈਆਂ ਸ਼ਾਮਿਲ ਹੋ ਸਕਦੀਆਂ ਹਨ ਜੋ ਸਰੀਰਕ ਸੱਟ ਜਾਂ ਦਰਦ ਦਾ ਕਾਰਨ ਬਣਦੀਆਂ ਹਨ। ਇਸ ਦੀਆਂ ਉਦਾਹਰਨਾਂ ਹਨ ਮਾਰਨਾ-ਕੁੱਟਣਾ, ਥੱਪੜ ਮਾਰਨਾ ਜਾਂ ਧੱਕਾ ਦੇਣਾ। ਇਸ ਵਿੱਚ ਲੋੜੀਂਦੀਆਂ ਦਵਾਈਆਂ ਨਾ ਦੇਣਾ, ਸਹਾਇਤਾ ਸੇਵਾਵਾਂ ਨੂੰ ਖੋਹਣਾ, ਜਾਂ ਕਿਸੇ ਨੂੰ ਸਰੀਰਕ ਤੌਰ 'ਤੇ ਰੋਕਣਾ ਵੀ ਸ਼ਾਮਿਲ ਹੈ।
- ਜਿਨਸੀ ਹਿੰਸਾ: ਇਸ ਵਿੱਚ ਦੇਖਭਾਲ ਜਾਂ ਸਹਾਇਤਾ ਕਰਨ ਦੇ ਬਦਲੇ ਜਿਨਸੀ-ਕਿਰਿਆਵਾਂ ਕਰਨ ਲਈ ਮਜ਼ਬੂਰ ਕਰਨਾ ਸ਼ਾਮਿਲ ਹੋ ਸਕਦਾ ਹੈ।
- ਭਾਵਨਾਤਮਕ ਸ਼ੋਸ਼ਣ: ਇਸ ਵਿੱਚ ਉਹਨਾਂ ਦੀ ਮਰਜ਼ੀ ਦੇ ਵਿਰੁੱਧ ਕਿਸੇ ਦੇਖਭਾਲ ਸਹੂਲਤ ਵਿੱਚ ਭੇਜੇ ਜਾਣ ਜਾਂ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਤੋਂ ਰੋਕਣ ਦੀ ਧਮਕੀ ਦੇਣਾ ਸ਼ਾਮਿਲ ਹੈ।
- ਆਰਥਿਕ ਸ਼ੋਸ਼ਣ: ਇਸ ਵਿੱਚ ਪੈਸੇ ਜਾਂ ਅਪੰਗਤਾ ਸਹਾਇਤਾ ਭੁਗਤਾਨ ਦੀ ਚੋਰੀ ਕਰਨਾ ਸ਼ਾਮਿਲ ਹੈ।
- ਜ਼ਬਰਨ ਕੰਟਰੋਲ: ਇਹ ਉਦੋਂ ਹੁੰਦਾ ਹੈ ਜਦੋਂ ਕੋਈ ਵਿਅਕਤੀ ਕਿਸੇ ਹੋਰ ਵਿਅਕਤੀ ਨੂੰ ਹੇਰਾਫੇਰੀ ਕਰਕੇ ਇਹ ਸੋਚਣ ਲਗਾ ਦਿੰਦਾ ਹੈ ਕਿ ਸਾਰੇ ਰਿਸ਼ਤਿਆਂ ਵਿੱਚ ਸ਼ੋਸ਼ਣ ਹੋਣਾ ਆਮ ਗੱਲ ਹੈ।
- ਪ੍ਰਜਨਨ ਸ਼ੋਸ਼ਣ: ਇਸ ਵਿੱਚ ਸਹਿਮਤੀ ਤੋਂ ਬਿਨਾਂ ਬਾਂਝਪਣ ਜਾਂ ਨਸਬੰਦੀ ਵਰਗੀ ਡਾਕਟਰੀ ਪ੍ਰਕਿਰਿਆ ਕਰਵਾਉਣ ਲਈ ਮਜ਼ਬੂਰ ਕਰਨਾ ਸ਼ਾਮਿਲ ਹੋ ਸਕਦਾ ਹੈ। ਨਸਬੰਦੀ ਦਾ ਮਤਲਬ ਹੈ ਕਿਸੇ ਲਈ ਬੱਚੇ ਪੈਦਾ ਕਰਨਾ ਅਸੰਭਵ ਬਣਾਉਣਾ।
ਸਹਾਇਤਾ ਪ੍ਰਾਪਤ ਕਰਨਾ
Women with Disabilities Australia ਨੇ ਹਿੰਸਾ, ਸ਼ੋਸ਼ਣ ਅਤੇ ਸੁਰੱਖਿਆ ਬਾਰੇ ਜਾਣਕਾਰੀ ਦੇਣ ਵਾਲਾ ਇੱਕ ਮੁਫ਼ਤ ਸਰੋਤ ਤਿਆਰ ਕੀਤਾ ਹੈ। ਇਹ ਸਰੋਤ ਔਰਤਾਂ, ਕੁੜੀਆਂ ਅਤੇ ਲਿੰਗ-ਵਿਭਿੰਨਤਾ ਵਾਲੇ ਅਪਾਹਜ ਲੋਕਾਂ ਦੀ ਮੱਦਦ ਨਾਲ ਤਿਆਰ ਕੀਤਾ ਗਿਆ ਹੈ।
ਜੇਕਰ ਤੁਸੀਂ ਜਾਂ ਤੁਹਾਡੇ ਕਿਸੇ ਜਾਣਕਾਰ ਨੇ ਸ਼ੋਸ਼ਣ ਦਾ ਅਨੁਭਵ ਕੀਤਾ ਹੈ, ਤਾਂ ਯਾਦ ਰੱਖੋ ਕਿ ਇਹ ਤੁਹਾਡੀ ਗ਼ਲਤੀ ਨਹੀਂ ਹੈ। ਕੋਈ ਵੀ ਚੀਜ਼ ਇਸ ਹਿੰਸਾ ਨੂੰ ਜਾਇਜ਼ ਨਹੀਂ ਬਣਾਉਂਦੀ ਹੈ। ਮੱਦਦ ਉਪਲਬਧ ਹੈ।
1800RESPECT: ਗੁਪਤ ਸਹਾਇਤਾ ਅਤੇ ਸਲਾਹ ਲੈਣ ਲਈ 1800 737 732 'ਤੇ ਫ਼ੋਨ ਕਰੋ।
ਲੀਗਲ ਏਡ ਸਰਵਿਸਜ਼: ਮੁਫ਼ਤ ਕਾਨੂੰਨੀ ਸਲਾਹ ਅਤੇ ਸਹਾਇਤਾ ਦੀ ਪੇਸ਼ਕਸ਼ ਕਰਦੀਆਂ ਹਨ। ਉਹ ਤੁਹਾਨੂੰ ਤੁਹਾਡੇ ਅਧਿਕਾਰਾਂ ਬਾਰੇ ਦੱਸ ਸਕਦੇ ਹਨ ਅਤੇ ਕਾਨੂੰਨੀ ਮਸਲਿਆਂ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ। ਤੁਸੀਂ ਇੱਥੇ ਆਪਣੇ ਰਾਜ ਜਾਂ ਟੈਰੀਟਰੀ ਵਿਚਲੀ ਲੀਗਲ ਏਡ ਸੇਵਾ ਲਈ ਸੰਪਰਕ ਕਰ ਸਕਦੇ ਹੋ।
ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ, ਸਾਡੇ ਸਹਾਇਤਾ ਸੇਵਾਵਾਂ ਪੰਨੇ 'ਤੇ ਜਾਓ।