ਮਨੁੱਖੀ ਤਸਕਰੀ

ਮਨੁੱਖੀ ਤਸਕਰੀ ਕੀ ਹੈ?

ਆਸਟ੍ਰੇਲੀਆ ਸਮੇਤ ਦੁਨੀਆ ਭਰ ਵਿੱਚ ਹਰ ਸਾਲ ਲੱਖਾਂ ਲੋਕਾਂ ਦੀ ਤਸਕਰੀ ਕੀਤੀ ਜਾਂਦੀ ਹੈ। ਮਨੁੱਖੀ ਤਸਕਰੀ ਕਿਸੇ ਵੀ ਵਿਅਕਤੀ ਨਾਲ ਹੋ ਸਕਦੀ ਹੈ, ਇਸਦੇ ਬਾਵਜੂਦ ਕਿ ਉਸ ਦੀ ਨਸਲ, ਲਿੰਗ, ਕੌਮੀਅਤਾ ਜਾਂ ਉਮਰ ਕੀ ਹੈ।

ਮਨੁੱਖੀ ਤਸਕਰੀ ਇੱਕ ਗੰਭੀਰ ਸਮੱਸਿਆ ਹੈ ਕਿਉਂਕਿ ਇਹ ਲੋਕਾਂ ਦੀ ਆਜ਼ਾਦੀ ਅਤੇ ਸੁਰੱਖਿਆ ਨੂੰ ਖੋਹ ਲੈਂਦੀ ਹੈ। ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਮਨੁੱਖੀ ਤਸਕਰੀ ਨੂੰ ਸਮਝਣਾ ਮਹੱਤਵਪੂਰਨ ਹੈ। ਆਪਣੇ ਅਧਿਕਾਰਾਂ ਨੂੰ ਜਾਣ ਕੇ ਅਤੇ ਸਹਾਇਤਾ ਦੀ ਮੰਗ ਕਰਕੇ, ਤੁਸੀਂ ਇਸ ਅਪਰਾਧ ਨੂੰ ਖ਼ਤਮ ਕਰਨ ਵਿੱਚ ਮੱਦਦ ਕਰ ਸਕਦੇ ਹੋ ਅਤੇ ਸੁਰੱਖਿਆ ਹਾਸਿਲ ਕਰ ਸਕਦੇ ਹੋ।

ਆਸਟ੍ਰੇਲੀਆ ਵਿੱਚ, ਤੁਹਾਨੂੰ ਇਹ ਕਰਨ ਦਾ ਅਧਿਕਾਰ ਹੈ:

  • ਤੁਹਾਡੇ ਕੋਲ ਆਜ਼ਾਦ ਅਤੇ ਸੁਰੱਖਿਅਤ ਰਹਿਣ ਦਾ ਅਧਿਕਾਰ ਹੈ।
  • ਮਨੁੱਖੀ ਤਸਕਰੀ ਕਦੇ ਵੀ ਤੁਹਾਡੀ ਗ਼ਲਤੀ ਨਹੀਂ ਹੁੰਦੀ ਹੈ।
  • ਮੱਦਦ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।

ਮਨੁੱਖੀ ਤਸਕਰੀ ਕਿਵੇਂ ਹੁੰਦੀ ਹੈ?

ਮਨੁੱਖੀ ਤਸਕਰ ਲੋਕਾਂ ਨੂੰ ਕਾਬੂ ਕਰਨ ਲਈ ਤਾਕਤ, ਧੋਖਾਧੜੀ, ਬਲੈਕਮੇਲ, ਧੋਖੇਬਾਜੀ ਜਾਂ ਜ਼ਬਰਦਸਤੀ ਦੀ ਵਰਤੋਂ ਕਰਦੇ ਹਨ। ਉਹ ਮੁਨਾਫ਼ੇ ਲਈ ਲੋਕਾਂ ਦਾ ਸ਼ੋਸ਼ਣ ਕਰਨ ਲਈ ਉਹਨਾਂ ਦੀ ਭਰਤੀ ਕਰਦੇ ਹਨ, ਇੱਕ ਥਾਂ ਤੋਂ ਦੂਜੀ ਥਾਂ 'ਤੇ ਭੇਜਦੇ ਹਨ ਜਾਂ ਪ੍ਰਾਪਤ ਕਰਦੇ ਹਨ। ਇਸ ਵਿੱਚ ਜ਼ਬਰਦਸਤੀ ਮਜ਼ਦੂਰੀ ਜਾਂ ਦੇਹ ਵਪਾਰ ਕਰਵਾਉਣਾ ਵੀ ਸ਼ਾਮਿਲ ਹੋ ਸਕਦਾ ਹੈ ਅਤੇ ਇਹ ਇੱਕੋ ਦੇਸ਼ ਵਿੱਚ ਰਹਿੰਦਿਆਂ ਹੋਇਆ ਵੀ ਹੋ ਸਕਦਾ ਹੈ।

ਆਸਟ੍ਰੇਲੀਆ ਵਿੱਚ ਆਧੁਨਿਕ ਗੁਲਾਮੀ

ਆਸਟ੍ਰੇਲੀਆ ਵਿੱਚ, ਆਧੁਨਿਕ ਗੁਲਾਮੀ ਸ਼ਬਦ ਸ਼ੋਸ਼ਣ ਦੇ ਵੱਖ-ਵੱਖ ਰੂਪਾਂ ਨੂੰ ਕਵਰ ਕਰਦਾ ਹੈ, ਜਿਸ ਵਿੱਚ ਸ਼ਾਮਿਲ ਹਨ:

  • ਮਨੁੱਖੀ ਤਸਕਰੀ: ਲੋਕਾਂ ਨੂੰ ਉਹਨਾਂ ਦਾ ਸ਼ੋਸ਼ਣ ਕਰਨ ਲਈ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਜਾਣਾ।
  • ਗ਼ੁਲਾਮੀ: ਕਿਸੇ 'ਤੇ ਆਪਣੀ ਸੰਪਤੀ ਵਜੋਂ ਮਾਲਕੀ ਅਤੇ ਕੰਟਰੋਲ ਕਰਨਾ।
  • ਜ਼ਬਰਨ ਮਜ਼ਦੂਰੀ: ਕਿਸੇ ਤੋਂ ਉਸਦੀ ਇੱਛਾ ਦੇ ਵਿਰੁੱਧ ਕੰਮ ਕਰਵਾਉਣਾ।
  • ਸੇਵਾ ਗ਼ੁਲਾਮੀ: ਕਿਸੇ ਨੂੰ ਮੰਦੇ ਹਾਲਾਤਾਂ ਵਿੱਚ ਕੰਮ ਅਤੇ ਰਹਿਣ ਲਈ ਮਜ਼ਬੂਰ ਕਰਨਾ।
  • ਜਿਨਸੀ ਸ਼ੋਸ਼ਣ: ਕਿਸੇ ਨੂੰ ਦੇਹ ਵਪਾਰ ਕਰਨ ਲਈ ਮਜ਼ਬੂਰ ਕਰਨਾ।
  • ਕਰਜ਼ੇ ਦੀ ਗ਼ੁਲਾਮੀ: ਕਿਸੇ ਨੂੰ ਕਰਜ਼ਾ ਚੁਕਾਉਣ ਬਦਲੇ ਕੰਮ ਕਰਨ ਲਈ ਮਜ਼ਬੂਰ ਕਰਨਾ।
  • ਜ਼ਬਰਦਸਤੀ ਵਿਆਹ: ਕਿਸੇ ਦਾ ਉਸਦੀ ਇੱਛਾ ਦੇ ਖ਼ਿਲਾਫ਼ ਵਿਆਹ ਕਰਨਾ।
  • ਧੋਖਾਧੜੀ ਭਰੀ ਭਰਤੀ: ਕਿਸੇ ਨੂੰ ਧੋਖੇ ਨਾਲ ਅਜਿਹੀ ਨੌਕਰੀ ਵਿੱਚ ਫਸਾਉਣਾ ਜੋ ਉਹ ਨੌਕਰੀ ਨਹੀਂ ਹੈ ਜਿਸਦਾ ਉਹਨਾਂ ਨਾਲ ਵਾਅਦਾ ਕੀਤਾ ਗਿਆ ਸੀ।
  • ਬਾਲ ਮਜ਼ਦੂਰੀ: ਬੱਚਿਆਂ ਤੋਂ ਨੁਕਸਾਨਦੇਹ ਹਾਲਤਾਂ ਵਿੱਚ ਕੰਮ ਕਰਵਾਉਣਾ।

ਇਹ ਸਾਰੀਆਂ ਪ੍ਰਕਿਰਿਆਵਾਂ ਕਿਸੇ ਵਿਅਕਤੀ ਦੀ ਆਜ਼ਾਦੀ ਅਤੇ ਆਪਣੇ ਜੀਵਨ 'ਤੇ ਉਸਦੇ ਨਿਯੰਤਰਣ ਨੂੰ ਖੋਹ ਲੈਂਦੀਆਂ  ਹਨ।

ਮਨੁੱਖੀ ਤਸਕਰੀ ਦੀ ਰਿਪੋਰਟ ਘੱਟ ਕਿਉਂ ਹੁੰਦੀ ਹੈ?

ਮਨੁੱਖੀ ਤਸਕਰੀ ਅਕਸਰ ਛੁਪੀ ਰਹਿੰਦੀ ਹੈ ਅਤੇ ਰਿਪੋਰਟ ਨਹੀਂ ਕੀਤੀ ਜਾਂਦੀ। Anti-Slavery Australia ਦੇ ਅਨੁਸਾਰ, ਆਧੁਨਿਕ ਗੁਲਾਮੀ ਦੇ 5 ਵਿੱਚੋਂ ਸਿਰਫ਼ 1 ਪੀੜਤ ਦੀ ਪਛਾਣ ਕੀਤੀ ਜਾਂਦੀ ਹੈ। ਇਸਦਾ ਮਤਲਬ ਹੈ ਕਿ 80% ਪੀੜਤਾਂ ਨੂੰ ਮੱਦਦ ਨਹੀਂ ਮਿਲਦੀ ਹੈ।

ਪੀੜਤਾਂ ਨੂੰ ਰਿਪੋਰਟ ਕਰਨ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ:

  • ਭਾਸ਼ਾ ਦੀਆਂ ਰੁਕਾਵਟਾਂ: ਅੰਗਰੇਜ਼ੀ ਵਿੱਚ ਗੱਲਬਾਤ ਕਰਨ ਵਿੱਚ ਮੁਸ਼ਕਲਾਂ।
  • ਤਸਕਰਾਂ ਦਾ ਡਰ: ਉਹਨਾਂ ਲੋਕਾਂ ਤੋਂ ਡਰੇ ਹੋਏ ਹੋਣਾ ਜਿਹੜੇ ਉਹਨਾਂ 'ਤੇ ਕੰਟਰੋਲ ਕਰਦੇ ਹਨ।
  • ਅਧਿਕਾਰੀਆਂ ਦਾ ਡਰ: ਪੁਲਿਸ, ਬਾਰਡਰ ਫੋਰਸ ਜਾਂ ਅਦਾਲਤਾਂ 'ਤੇ ਭਰੋਸਾ ਨਾ ਹੋਣਾ।
  • ਦੇਸ਼ ਨਿਕਾਲੇ ਦਾ ਡਰ: ਇਸ ਗੱਲ ਦਾ ਡਰ ਕਿ ਉਹਨਾਂ ਨੂੰ ਦੇਸ਼ ਤੋਂ ਬਾਹਰ ਭੇਜ ਦਿੱਤਾ ਜਾਵੇਗਾ।
  • ਪਰਿਵਾਰ ਨੂੰ ਧਮਕੀਆਂ: ਆਪਣੇ ਪਰਿਵਾਰ ਦੀ ਸੁਰੱਖਿਆ ਬਾਰੇ ਚਿੰਤਾ ਕਰਨਾ।

ਸਹਾਇਤਾ ਪ੍ਰਾਪਤ ਕਰਨਾ

ਤੁਸੀਂ ਸਹਾਇਤਾ ਪ੍ਰਾਪਤ ਕਰਨ ਲਈ Support for Trafficked People Program ਨਾਲ 03 9345 1800 'ਤੇ ਜਾਂ national_STPP@redcross.org.au 'ਤੇ ਸੰਪਰਕ ਕਰ ਸਕਦੇ ਹੋ।

ਤੁਸੀਂ Australian Federal Police ਨਾਲ 131 237 'ਤੇ ਸੰਪਰਕ ਕਰ ਸਕਦੇ ਹੋ ਜਾਂ AFP ਦੀ ਵੈੱਬਸਾਈਟ 'ਤੇ ਜਾ ਸਕਦੇ ਹੋ।

Australian Red Cross ਨੇ ਤੁਹਾਡੀ ਭਾਸ਼ਾ ਵਿੱਚ ਸਰੋਤ ਵਿਕਸਿਤ ਕੀਤੇ ਹਨ ਜੋ ਆਧੁਨਿਕ ਗੁਲਾਮੀ ਨੂੰ ਸਮਝਣ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ, ਸਾਡੇ ਸਹਾਇਤਾ ਸੇਵਾਵਾਂ ਪੰਨੇ 'ਤੇ ਜਾਓ।