ਲਿੰਗ ਸਮਾਨਤਾ

ਲਿੰਗ ਸਮਾਨਤਾ ਦਾ ਮਤਲਬ ਹੈ ਕਿ ਆਸਟ੍ਰੇਲੀਆ ਵਿੱਚ ਹਰ ਵਿਅਕਤੀ - ਭਾਵੇਂ ਉਸਦੀ ਲਿੰਗ ਪਛਾਣ ਕੁੱਝ ਵੀ ਹੋਵੇ - ਦੇ ਬਰਾਬਰ ਅਧਿਕਾਰ ਅਤੇ ਜ਼ਿੰਮੇਵਾਰੀਆਂ ਹਨ। ਹਰ ਕਿਸੇ ਨੂੰ ਹਿੰਸਾ ਤੋਂ ਮੁਕਤ ਜੀਵਨ ਜਿਉਣ ਦੇ ਯੋਗ ਹੋਣਾ ਚਾਹੀਦਾ ਹੈ ਅਤੇ ਇੱਕੋ ਜਿਹੇ ਮੌਕਿਆਂ ਦਾ ਅਧਿਕਾਰ ਹੋਣਾ ਚਾਹੀਦਾ ਹੈ।

ਲਿੰਗ ਸਮਾਨਤਾ ਹਰ ਕਿਸੇ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਵਿੱਚ ਮਰਦ, ਔਰਤਾਂ, ਲੜਕੇ, ਲੜਕੀਆਂ ਅਤੇ ਲਿੰਗ-ਵਿਭਿੰਨ ਲੋਕ ਸ਼ਾਮਿਲ ਹਨ। ਆਸਟ੍ਰੇਲੀਆ ਵਿੱਚ ਪੂਰਨ ਲਿੰਗ ਸਮਾਨਤਾ ਪ੍ਰਾਪਤ ਕਰਨ ਨਾਲ ਹਰੇਕ ਲਈ ਕਈ ਲਾਭ ਹੋਣਗੇ, ਜਿਵੇਂ ਕਿ ਲਿੰਗ-ਆਧਾਰਿਤ ਹਿੰਸਾ ਦੀ ਰੋਕਥਾਮ, ਸਾਡੀ ਆਰਥਿਕਤਾ ਵਿੱਚ ਸੁਧਾਰ ਜਾਂ ਮਜ਼ਬੂਤ ​​ਅਤੇ ਸਿਹਤਮੰਦ ਭਾਈਚਾਰਿਆਂ ਦਾ ਹੋਣਾ।

ਹਾਲਾਂਕਿ, ਲਿੰਗ ਅਸਮਾਨਤਾਵਾਂ ਅਤੇ ਰੂੜ੍ਹੀਵਾਦੀ ਸੋਚਾਂ ਹਨ ਜੋ ਸਾਨੂੰ ਆਸਟ੍ਰੇਲੀਆ ਵਿੱਚ ਲਿੰਗ ਸਮਾਨਤਾ ਪ੍ਰਾਪਤ ਕਰਨ ਤੋਂ ਰੋਕਦੀਆਂ ਹਨ। ਉਦਾਹਰਨ ਲਈ, ਔਰਤਾਂ ਅਜੇ ਵੀ ਬਿਨਾਂ ਤਨਖਾਹ ਵਾਲੇ ਦੇਖਭਾਲ ਕਰਨ ਦੇ ਕੰਮ ਵਿੱਚ ਜ਼ਿਆਦਾ ਸਮਾਂ ਬਿਤਾਉਂਦੀਆਂ ਹਨ, ਘੱਟ ਕਮਾਈ ਕਰਦੀਆਂ ਹਨ, ਲਿੰਗ-ਅਧਾਰਿਤ ਹਿੰਸਾ ਦੀਆਂ ਉੱਚ ਦਰਾਂ ਦਾ ਅਨੁਭਵ ਕਰਦੀਆਂ ਹਨ ਅਤੇ ਲੀਡਰਸ਼ਿਪ ਦੀਆਂ ਭੂਮਿਕਾਵਾਂ ਵਿੱਚ ਹੋਣ ਲਈ ਵਧੇਰੇ ਰੁਕਾਵਟਾਂ ਦਾ ਸਾਹਮਣਾ ਕਰਦੀਆਂ ਹਨ।

ਲਿੰਗ-ਵਿਭਿੰਨ ਲੋਕ ਆਪਣੀ ਲਿੰਗ-ਪਛਾਣ ਨੂੰ ਰਵਾਇਤੀ ਦੋਹਰੀ ਲਿੰਗ-ਪਛਾਣ ਪ੍ਰਣਾਲੀ ਤੋਂ ਬਾਹਰ ਪ੍ਰਗਟ ਕਰਨ ਵਿੱਚ ਅਸਮਰੱਥ ਹਨ ਅਤੇ ਉਹਨਾਂ ਨੂੰ ਵਿਤਕਰੇ, ਬਦਨਾਮੀ ਅਤੇ ਬੇਦਖਲ ਕੀਤੇ ਜਾਣ ਦਾ ਅਨੁਭਵ ਹੁੰਦਾ ਹੈ।

ਮਰਦ ਅਤੇ ਲੜਕੇ ਨੁਕਸਾਨਦੇਹ ਰੂੜ੍ਹੀਵਾਦ ਦਾ ਸਾਹਮਣਾ ਕਰਦੇ ਹਨ ਜੋ ਉਹਨਾਂ ਦੀ ਸਰੀਰਕ ਅਤੇ ਭਾਵਨਾਤਮਕ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਮਰਦਾਨਗੀ ਦੇ ਕਠੋਰ ਰੂੜ੍ਹੀਵਾਦ ਮਰਦਾਂ 'ਤੇ ਕਿਸੇ ਖ਼ਾਸ ਤਰੀਕੇ ਨਾਲ ਵਿਵਹਾਰ ਕਰਨ ਲਈ ਦਬਾਅ ਪਾਉਂਦੇ ਹਨ ਜਿਵੇਂ ਕਿ ਸਖ਼ਤ, ਪ੍ਰਭਾਵੀ ਹੋਣਾ ਅਤੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਨਾ ਕਰਨਾ।

ਆਸਟ੍ਰੇਲੀਆ ਵਿੱਚ ਲਿੰਗ ਸਮਾਨਤਾ ਹਾਸਿਲ ਕਰਨਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ ਅਤੇ ਇਸ ਨਾਲ ਸਮਾਜ ਵਿੱਚ ਹਰ ਕਿਸੇ ਨੂੰ ਲਾਭ ਹੋਵੇਗਾ।

ਆਸਟ੍ਰੇਲੀਆਈ ਸਰਕਾਰ ਨੇ Working for Women: A Strategy for Gender Equality ਜਾਰੀ ਕੀਤੀ ਹੈ, ਜੋ ਇਹ ਤੈਅ ਕਰਦੀ ਹੈ ਕਿ ਆਸਟ੍ਰੇਲੀਆ ਵਿੱਚ ਲਿੰਗ ਸਮਾਨਤਾ ਹਾਸਿਲ ਕਰਨ ਲਈ ਕੀ ਜ਼ਰੂਰੀ ਹੈ।