ਵਿੱਤੀ ਸ਼ੋਸ਼ਣ ਕੀ ਹੈ?
ਵਿੱਤੀ ਸ਼ੋਸ਼ਣ, ਜਿਸ ਨੂੰ ਆਰਥਿਕ ਸ਼ੋਸ਼ਣ ਵੀ ਕਿਹਾ ਜਾਂਦਾ ਹੈ, ਘਰੇਲੂ ਅਤੇ ਪਰਿਵਾਰਕ ਹਿੰਸਾ ਦਾ ਹੀ ਇੱਕ ਰੂਪ ਹੈ। ਇਹ ਉਸ ਸਮੇਂ ਹੁੰਦਾ ਹੈ ਜਦੋਂ ਕੋਈ ਵਿਅਕਤੀ ਤੁਹਾਨੂੰ ਸੱਟ ਪਹੁੰਚਾਉਣ, ਤੁਹਾਡੇ 'ਤੇ ਕੰਟਰੋਲ ਕਰਨ, ਜਾਂ ਤੁਹਾਡੀ ਵਿੱਤੀ ਸੁਤੰਤਰਤਾ ਨੂੰ ਖੋਹਣ ਲਈ ਪੈਸੇ ਦੀ ਵਰਤੋਂ ਕਰਦਾ ਹੈ। ਵਿੱਤੀ ਸ਼ੋਸ਼ਣ ਹੋਰ ਕਿਸਮਾਂ ਦੇ ਸ਼ੋਸ਼ਣ ਨਾਲ ਵੀ ਹੋ ਸਕਦਾ ਹੈ।
ਵਿੱਤੀ ਸ਼ੋਸ਼ਣ ਇੱਕ ਗੰਭੀਰ ਸਮੱਸਿਆ ਹੈ ਕਿਉਂਕਿ ਇਹ ਤੁਹਾਡੀ ਆਤਮ-ਨਿਰਭਰਤਾ ਅਤੇ ਤੁਹਾਡੇ ਜੀਵਨ ਉੱਤੇ ਤੁਹਾਡੇ ਕੰਟਰੋਲ ਨੂੰ ਖੋਹ ਲੈਂਦੀ ਹੈ। ਆਪਣੇ ਆਪ ਦੀ ਅਤੇ ਆਪਣੇ ਵਿੱਤੀ ਭਵਿੱਖ ਦੀ ਸੁਰੱਖਿਆ ਕਰਨ ਲਈ ਵਿੱਤੀ ਸ਼ੋਸ਼ਣ ਨੂੰ ਸਮਝਣਾ ਮਹੱਤਵਪੂਰਨ ਹੈ। ਆਪਣੇ ਅਧਿਕਾਰਾਂ ਨੂੰ ਜਾਣ ਕੇ ਅਤੇ ਸਹਾਇਤਾ ਮੰਗ ਕੇ, ਤੁਸੀਂ ਫਿਰ ਤੋਂ ਕੰਟਰੋਲ ਹਾਸਿਲ ਕਰ ਸਕਦੇ ਹੋ ਅਤੇ ਆਪਣੀ ਜ਼ਿੰਦਗੀ ਦੀ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਸਕਦੇ ਹੋ।
ਆਸਟ੍ਰੇਲੀਆ ਵਿੱਚ, ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ:
- ਤੁਹਾਨੂੰ ਆਪਣੇ ਪੈਸੇ ਨੂੰ ਕੰਟਰੋਲ ਕਰਨ ਅਤੇ ਆਪਣੇ ਵਿੱਤੀ ਫ਼ੈਸਲੇ ਲੈਣ ਦਾ ਅਧਿਕਾਰ ਹੈ।
- ਵਿੱਤੀ ਸ਼ੋਸ਼ਣ ਕਦੇ ਵੀ ਤੁਹਾਡੀ ਗ਼ਲਤੀ ਨਹੀਂ ਹੁੰਦੀ ਹੈ।
- ਮੱਦਦ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।
ਵਿੱਤੀ ਸ਼ੋਸ਼ਣ ਕਿਸੇ ਵੀ ਸੰਬੰਧ ਵਿੱਚ ਅਤੇ ਕਿਸੇ ਵੀ ਉਮਰ ਦੇ ਵਿਅਕਤੀ ਨਾਲ ਹੋ ਸਕਦਾ ਹੈ। ਇਹ ਪਰਿਵਾਰਕ ਮੈਂਬਰਾਂ, ਜਿਵੇਂ ਕਿ ਮਾਤਾ-ਪਿਤਾ ਅਤੇ ਬੱਚਿਆਂ, ਸਹਿਭਾਗੀਆਂ, ਸਾਬਕਾ ਸਹਿਭਾਗੀਆਂ, ਜਾਂ ਦੇਖਭਾਲਕਰਤਾਵਾਂ ਵਿਚਕਾਰ ਹੋ ਸਕਦਾ ਹੈ। ਵਿੱਤੀ ਸ਼ੋਸ਼ਣ ਅਕਸਰ ਛੋਟੇ ਪੱਧਰ 'ਤੇ ਸ਼ੁਰੂ ਹੁੰਦਾ ਹੈ ਅਤੇ ਸਮੇਂ ਦੇ ਨਾਲ ਇੱਕ ਵੱਡੀ ਸਮੱਸਿਆ ਬਣ ਸਕਦਾ ਹੈ।
ਵਿੱਤੀ ਸ਼ੋਸ਼ਣ ਦੇ ਰੂਪ
ਵਿੱਤੀ ਸ਼ੋਸ਼ਣ ਕਈ ਤਰੀਕਿਆਂ ਨਾਲ ਹੋ ਸਕਦਾ ਹੈ, ਜਿਵੇਂ:
- ਪੈਸੇ ਉੱਤੇ ਕੰਟਰੋਲ: ਤੁਹਾਡੀ ਆਮਦਨ ਇੱਕ ਸੰਯੁਕਤ ਬੈਂਕ ਖਾਤੇ ਵਿੱਚ ਜਾਂਦੀ ਹੈ, ਪਰ ਤੁਹਾਨੂੰ ਇਹ ਫ਼ੈਸਲਾ ਕਰਨ ਦੀ ਆਗਿਆ ਨਹੀਂ ਹੈ ਕਿ ਇਸਨੂੰ ਕਿਵੇਂ ਖ਼ਰਚ ਕਰਨਾ ਹੈ।
- ਸਾਰੇ ਬਿੱਲਾਂ ਦਾ ਭੁਗਤਾਨ ਕਰਨਾ: ਤੁਸੀਂ ਹੀ ਇਕੱਲੇ ਸਾਰੇ ਘਰੇਲੂ ਖ਼ਰਚਿਆਂ ਦਾ ਭੁਗਤਾਨ ਕਰ ਰਹੇ ਹੋ।
- ਤੁਹਾਡੇ ਤੋਂ ਬਿਨਾਂ ਫ਼ੈਸਲੇ ਲੈਣਾ: ਤੁਹਾਡਾ ਸਾਥੀ ਤੁਹਾਨੂੰ ਪਹਿਲਾਂ ਪੁੱਛੇ ਬਿਨਾਂ ਹੀ ਮਹੱਤਵਪੂਰਨ ਵਿੱਤੀ ਫ਼ੈਸਲੇ ਲੈ ਲੈਂਦਾ ਹੈ।
- ਤੁਹਾਨੂੰ ਕੰਮ ਕਰਨ ਤੋਂ ਰੋਕਣਾ: ਤੁਹਾਡਾ ਸਾਥੀ ਤੁਹਾਨੂੰ ਨੌਕਰੀ ਲੱਭਣ ਤੋਂ ਰੋਕਦਾ ਹੈ ਜਾਂ ਤੁਹਾਡੇ ਕੈਰੀਅਰ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰਦਾ ਹੈ।
- ਤੁਹਾਡੇ ਨਾਮ ਉੱਪਰ ਸਾਂਝੇ ਕਰਜ਼ੇ ਹੋਣਾ: ਕਰਜ਼ੇ ਜਾਂ ਉਧਾਰ ਸਿਰਫ਼ ਤੁਹਾਡੇ ਨਾਮ 'ਤੇ ਹਨ, ਭਾਵੇਂ ਉਹ ਸਾਂਝੇ ਕੀਤੇ ਗਏ ਹਨ।
- ਤੁਹਾਡੇ ਜਾਅਲੀ ਦਸਤਖ਼ਤ ਕਰਨਾ: ਕੋਈ ਵਿਅਕਤੀ ਤੁਹਾਡੀ ਆਗਿਆ ਤੋਂ ਬਿਨਾਂ ਤੁਹਾਡੇ ਨਾਮ ਨਾਲ ਦਸਤਖ਼ਤ ਕਰਦਾ ਹੈ।
- ਤੁਹਾਨੂੰ ਕਰਜ਼ੇ ਲੈਣ ਲਈ ਮਜ਼ਬੂਰ ਕਰਨਾ: ਤੁਹਾਡੇ 'ਤੇ ਕਰਜ਼ੇ, ਮੋਰਟਗੇਜ, ਜਾਂ ਵੈਲਫੇਅਰ ਭੁਗਤਾਨ ਲੈਣ ਲਈ ਦਬਾਅ ਪਾਇਆ ਜਾਂਦਾ ਹੈ।
- ਪੈਸੇ ਸੰਬੰਧੀ ਮਾਮਲੇ ਛੁਪਾਉਣਾ: ਤੁਹਾਨੂੰ ਆਪਣੇ ਸਾਥੀ ਦੀਆਂ ਬੈਂਕ ਸਟੇਟਮੈਂਟਾਂ ਨੂੰ ਵੇਖਣ ਦੀ ਜਾਂ ਉਹਨਾਂ ਦੇ ਵਿੱਤੀ ਹਾਲਤ ਬਾਰੇ ਜਾਣਨ ਦੀ ਆਗਿਆ ਨਹੀਂ ਹੈ।