ਪਿੱਛਾ ਕਰਨਾ (ਸਟਾਕਿੰਗ) ਕੀ ਹੁੰਦਾ ਹੈ?
ਪਿੱਛਾ ਕਰਨਾ ਉਦੋਂ ਹੁੰਦਾ ਹੈ ਜਦੋਂ ਕੋਈ ਤੁਹਾਨੂੰ ਵਾਰ-ਵਾਰ ਦੇਖਦਾ, ਪਿੱਛਾ ਕਰਦਾ, ਜਾਂ ਇਸ ਤਰੀਕੇ ਨਾਲ ਸੰਪਰਕ ਕਰਦਾ ਹੈ ਜਿਸ ਨਾਲ ਤੁਸੀਂ ਡਰ ਜਾਂਦੇ ਜਾਂ ਅਸੁਰੱਖਿਅਤ ਮਹਿਸੂਸ ਕਰਦੇ ਹੋ। ਪਿੱਛਾ ਕਰਨਾ ਵਿਅਕਤੀਗਤ ਤੌਰ 'ਤੇ, ਔਨਲਾਈਨ, ਜਾਂ ਫ਼ੋਨ ਕਾਲਾਂ ਅਤੇ ਸੰਦੇਸ਼ਾਂ ਰਾਹੀਂ ਹੋ ਸਕਦਾ ਹੈ। ਇਹ ਤੰਗ-ਪ੍ਰੇਸ਼ਾਨ ਕਰਨ ਦਾ ਇੱਕ ਗੰਭੀਰ ਰੂਪ ਹੈ ਅਤੇ ਕਿਸੇ ਨਾਲ ਵੀ ਹੋ ਸਕਦਾ ਹੈ।
ਪਿੱਛਾ ਕਰਨਾ ਇੱਕ ਗੰਭੀਰ ਸਮੱਸਿਆ ਹੈ ਕਿਉਂਕਿ ਇਹ ਤੁਹਾਡੇ ਜੀਵਨ ਵਿੱਚ ਡਰ ਅਤੇ ਵਿਘਨ ਦਾ ਕਾਰਨ ਬਣਦੀ ਹੈ। ਇਹ ਸਮਝਣਾ ਮਹੱਤਵਪੂਰਨ ਹੈ ਕਿ ਪਿੱਛਾ ਕਰਨਾ ਕੀ ਹੈ ਅਤੇ ਮੱਦਦ ਕਿਵੇਂ ਪ੍ਰਾਪਤ ਕਰਨੀ ਹੈ। ਆਪਣੇ ਅਧਿਕਾਰਾਂ ਨੂੰ ਜਾਣ ਕੇ ਅਤੇ ਸਹਾਇਤਾ ਦੀ ਮੰਗ ਕਰਕੇ, ਤੁਸੀਂ ਆਪਣੀ ਸੁਰੱਖਿਆ ਆਪ ਕਰ ਸਕਦੇ ਹੋ ਅਤੇ ਦੁਬਾਰਾ ਸੁਰੱਖਿਅਤ ਮਹਿਸੂਸ ਕਰਨਾ ਸ਼ੁਰੂ ਕਰ ਸਕਦੇ ਹੋ।
ਪਿੱਛਾ ਕਰਨਾ ਆਸਟ੍ਰੇਲੀਆ ਵਿੱਚ ਕਾਨੂੰਨ ਦੇ ਵਿਰੁੱਧ ਹੈ:
- ਤੁਹਾਨੂੰ ਬਿਨਾਂ ਨਿਗਰਾਨੀ ਕੀਤੇ, ਪਿੱਛਾ ਕੀਤੇ ਜਾਂ ਤੰਗ-ਪ੍ਰੇਸ਼ਾਨ ਕੀਤੇ ਬਗ਼ੈਰ ਜਿਊਣ ਦਾ ਅਧਿਕਾਰ ਹੈ।
- ਪਿੱਛਾ ਕਰਨਾ ਕਦੇ ਵੀ ਤੁਹਾਡੀ ਗ਼ਲਤੀ ਨਹੀਂ ਹੁੰਦਾ ਹੈ।
- ਸਹਾਇਤਾ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।
ਪਿੱਛਾ ਕਰਨ ਦੇ ਰੂਪ
ਪਿੱਛਾ ਕਰਨਾ ਕਈ ਰੂਪਾਂ ਵਿੱਚ ਹੋ ਸਕਦਾ ਹੈ, ਜਿਵੇਂ ਕਿ:
- ਪਿੱਛਾ ਕਰਨਾ: ਪਿੱਛਾ ਕਰਨ ਵਾਲਾ ਤੁਹਾਡੇ ਘਰ, ਕੰਮ ਜਾਂ ਹੋਰ ਸਥਾਨਾਂ 'ਤੇ ਤੁਹਾਡਾ ਪਿੱਛਾ ਕਰ ਸਕਦਾ ਹੈ ਜਿੱਥੇ ਤੁਸੀਂ ਜਾਂਦੇ ਹੋ।
- ਨਜ਼ਰ ਰੱਖਣਾ: ਪਿੱਛਾ ਕਰਨ ਵਾਲਾ ਤੁਹਾਨੂੰ ਦੂਰ ਤੋਂ ਦੇਖ ਸਕਦਾ ਹੈ ਜਾਂ ਕੈਮਰੇ ਅਤੇ ਹੋਰ ਯੰਤਰਾਂ ਦਾ ਇਸਤੇਮਾਲ ਕਰਕੇ ਤੁਹਾਡੀ ਨਿਗਰਾਨੀ ਕਰ ਸਕਦਾ ਹੈ।
- ਅਣਚਾਹਿਆ ਸੰਪਰਕ: ਇਸ ਵਿੱਚ ਸੋਸ਼ਲ ਮੀਡੀਆ 'ਤੇ ਵਾਰ-ਵਾਰ ਫ਼ੋਨ ਕਾਲ, ਟੈਕਸਟ, ਈ-ਮੇਲ ਜਾਂ ਸੁਨੇਹੇ ਭੇਜਣੇ ਸ਼ਾਮਿਲ ਹਨ।
- ਤੋਹਫ਼ੇ ਭੇਜਣਾ: ਪਿੱਛਾ ਕਰਨ ਵਾਲਾ ਤੁਹਾਨੂੰ ਅਣਚਾਹੇ ਤੋਹਫ਼ੇ, ਚਿੱਠੀਆਂ ਜਾਂ ਨੋਟ ਭੇਜ ਸਕਦਾ ਹੈ।
- ਸੰਪਤੀ ਨੂੰ ਨੁਕਸਾਨ: ਪਿੱਛਾ ਕਰਨ ਵਾਲਾ ਤੁਹਾਡੀ ਸੰਪਤੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜਾਂ ਸੰਕੇਤ ਛੱਡ ਸਕਦਾ ਹੈ ਕਿ ਉਹ ਉੱਥੇ ਸੀ।
- ਧਮਕੀਆਂ: ਪਿੱਛਾ ਕਰਨ ਵਾਲਾ ਤੁਹਾਨੂੰ, ਤੁਹਾਡੇ ਪਰਿਵਾਰ ਜਾਂ ਤੁਹਾਡੇ ਪਾਲਤੂ ਜਾਨਵਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦੇ ਸਕਦਾ ਹੈ।
ਕੋਈ ਵੀ ਵਿਅਕਤੀ ਪਿੱਛਾ ਕਰਨ ਦਾ ਸ਼ਿਕਾਰ ਹੋ ਸਕਦਾ ਹੈ, ਭਾਵੇਂ ਉਸ ਦੀ ਉਮਰ, ਲਿੰਗ ਜਾਂ ਪਿਛੋਕੜ ਕੁੱਝ ਵੀ ਹੋਵੇ। ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਨੂੰ ਮੱਦਦ ਲੈਣ ਲਈ ਵਾਧੂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਕਿ ਭਾਸ਼ਾ ਦੀਆਂ ਰੁਕਾਵਟਾਂ ਅਤੇ ਸਹਾਇਤਾ ਨੈੱਟਵਰਕਾਂ ਦੀ ਘਾਟ।
ਪਿੱਛਾ ਕਰਨ ਨੂੰ ਪਛਾਣਨਾ
ਪਿੱਛਾ ਕਰਨ ਦੀ ਪਛਾਣ ਕਰਨਾ ਅਤੇ ਇਸਨੂੰ ਹੱਲ ਕਰਨਾ ਮੁਸ਼ਕਲ ਹੋ ਸਕਦਾ ਹੈ, ਪਰ ਇਸਦੀਆਂ ਕੁੱਝ ਨਿਸ਼ਾਨੀਆਂ ਵਿੱਚ ਸ਼ਾਮਿਲ ਹਨ:
- ਅਜਿਹਾ ਮਹਿਸੂਸ ਕਰਨਾ ਕਿ ਜਿਵੇਂ ਕੋਈ ਤੁਹਾਨੂੰ ਦੇਖ ਰਿਹਾ ਜਾਂ ਪਿੱਛਾ ਕਰ ਰਿਹਾ ਹੈ।
- ਅਣਚਾਹੇ ਫ਼ੋਨ ਕਾਲਾਂ, ਟੈਕਸਟ ਜਾਂ ਸੁਨੇਹੇ ਪ੍ਰਾਪਤ ਕਰਨਾ।
- ਅਣਚਾਹੇ ਤੋਹਫ਼ੇ ਜਾਂ ਚਿੱਠੀਆਂ ਮਿਲਣੀਆਂ।
- ਆਪਣੀ ਸੰਪਤੀ ਨੂੰ ਨੁਕਸਾਨ ਹੋਇਆ ਦੇਖਣਾ।
- ਕਿਸੇ ਦੀਆਂ ਕਾਰਵਾਈਆਂ ਕਾਰਨ ਡਰ ਜਾਂ ਅਸੁਰੱਖਿਅਤ ਮਹਿਸੂਸ ਕਰਨਾ।
ਪਿੱਛਾ ਕਰਨ ਦਾ ਪ੍ਰਭਾਵ
ਪਿੱਛਾ ਕਰਨਾ ਦੋਵੇਂ ਤਤਕਾਲ ਅਤੇ ਲੰਬੇ ਸਮੇਂ ਲਈ ਨੁਕਸਾਨ ਪਹੁੰਚਾ ਸਕਦਾ ਹੈ:
- ਭਾਵਨਾਤਮਕ ਦਰਦ: ਡਰ, ਚਿੰਤਾ, ਜਾਂ ਉਦਾਸੀ ਦੀਆਂ ਭਾਵਨਾਵਾਂ।
- ਮਾਨਸਿਕ ਸਿਹਤ ਸਮੱਸਿਆਵਾਂ: ਲੰਬੇ ਸਮੇਂ ਦੀਆਂ ਸਮੱਸਿਆਵਾਂ ਜਿਵੇਂ ਕਿ ਪੋਸਟ-ਟ੍ਰਾਮੈਟਿਕ ਸਟ੍ਰੈਸ ਡਿਸਆਰਡਰ (PTSD)।
- ਨਿੱਜਤਾ ਦਾ ਖੁੱਸਣਾ: ਮਹਿਸੂਸ ਕਰਨਾ ਕਿ ਤੁਸੀਂ ਆਪਣੀ ਰੋਜ਼ਮਰ੍ਹਾ ਜ਼ਿੰਦਗੀ ਦੇ ਕੰਮਕਾਜ ਬਿਨਾਂ ਨਿਗਰਾਨੀ ਦੇ ਨਹੀਂ ਕਰ ਸਕਦੇ।
- ਸਮਾਜਿਕ ਇਕੱਲਤਾ: ਸਥਾਨਾਂ 'ਤੇ ਜਾਣ ਜਾਂ ਲੋਕਾਂ ਨੂੰ ਮਿਲਣ ਤੋਂ ਪਰਹੇਜ਼ ਕਰਨਾ ਕਿਉਂਕਿ ਤੁਸੀਂ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹੋ।
ਸਹਾਇਤਾ ਪ੍ਰਾਪਤ ਕਰਨਾ
ਜੇਕਰ ਤੁਸੀਂ ਮਨੋਵਿਗਿਆਨਕ ਸ਼ੋਸ਼ਣ ਦਾ ਅਨੁਭਵ ਕਰ ਰਹੇ ਹੋ, ਤਾਂ ਮੱਦਦ ਲੈਣੀ ਮਹੱਤਵਪੂਰਨ ਹੈ। ਤੁਹਾਡੀ ਸਹਾਇਤਾ ਲਈ ਸਰੋਤ ਅਤੇ ਸੇਵਾਵਾਂ ਉਪਲਬਧ ਹਨ।
1800RESPECT: ਗੁਪਤ ਸਹਾਇਤਾ ਅਤੇ ਸਲਾਹ ਲੈਣ ਲਈ 1800 737 732 'ਤੇ ਫ਼ੋਨ ਕਰੋ।
Australian Federal Police: 131 237 'ਤੇ ਫ਼ੋਨ ਕਰੋ ਜਾਂ ਉਨ੍ਹਾਂ ਦੀ ਵੈੱਬਸਾਈਟ 'ਤੇ ਜਾਓ।
ਲੀਗਲ ਏਡ ਸਰਵਿਸਜ਼: ਮੁਫ਼ਤ ਕਾਨੂੰਨੀ ਸਲਾਹ ਅਤੇ ਸਹਾਇਤਾ ਦੀ ਪੇਸ਼ਕਸ਼ ਕਰਦੀਆਂ ਹਨ। ਉਹ ਤੁਹਾਨੂੰ ਤੁਹਾਡੇ ਅਧਿਕਾਰਾਂ ਬਾਰੇ ਦੱਸ ਸਕਦੇ ਹਨ ਅਤੇ ਕਾਨੂੰਨੀ ਮਸਲਿਆਂ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ। ਤੁਸੀਂ ਇੱਥੇ ਆਪਣੇ ਰਾਜ ਜਾਂ ਟੈਰੀਟਰੀ ਵਿਚਲੀ ਲੀਗਲ ਏਡ ਸੇਵਾ ਲਈ ਸੰਪਰਕ ਕਰ ਸਕਦੇ ਹੋ।
ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ, ਸਾਡੇ ਸਹਾਇਤਾ ਸੇਵਾਵਾਂ ਪੰਨੇ 'ਤੇ ਜਾਓ।