ਅਧਿਆਤਮਿਕ ਸ਼ੋਸ਼ਣ

ਅਧਿਆਤਮਿਕ ਸ਼ੋਸ਼ਣ ਕੀ ਹੁੰਦਾ ਹੈ?

ਅਧਿਆਤਮਿਕ ਸ਼ੋਸ਼ਣ ਉਦੋਂ ਹੁੰਦਾ ਹੈ ਜਦੋਂ ਕੋਈ ਤੁਹਾਡੇ ਧਾਰਮਿਕ ਜਾਂ ਅਧਿਆਤਮਿਕ ਵਿਸ਼ਵਾਸਾਂ ਦੀ ਵਰਤੋਂ ਤੁਹਾਨੂੰ ਨੁਕਸਾਨ ਪਹੁੰਚਾਉਣ, ਡਰਾਉਣ ਜਾਂ ਕੰਟਰੋਲ ਕਰਨ ਲਈ ਕਰਦਾ ਹੈ। ਇਹ ਹੋਰ ਕਿਸਮ ਦੇ ਸ਼ੋਸ਼ਣਾ ਅਤੇ ਘਰੇਲੂ ਅਤੇ ਪਰਿਵਾਰਕ ਹਿੰਸਾ ਦੇ ਨਾਲ-ਨਾਲ ਵੀ ਹੋ ਸਕਦਾ ਹੈ।

ਕੋਈ ਵੀ ਵਿਅਕਤੀ ਅਧਿਆਤਮਿਕ ਸ਼ੋਸ਼ਣ ਦਾ ਅਨੁਭਵ ਕਰ ਸਕਦਾ ਹੈ, ਭਾਵੇਂ ਉਹਨਾਂ ਦੇ ਧਾਰਮਿਕ ਜਾਂ ਅਧਿਆਤਮਿਕ ਵਿਸ਼ਵਾਸ ਜੋ ਕੁੱਝ ਵੀ ਹੋਣ। ਤੁਹਾਡਾ ਪਿਛੋਕੜ, ਧਰਮ, ਜਾਂ ਵਿਸ਼ਵਾਸ ਇਸ ਸ਼ੋਸ਼ਣ ਦਾ ਕਾਰਨ ਨਹੀਂ ਹਨ।

ਅਧਿਆਤਮਿਕ ਸ਼ੋਸ਼ਣ ਕਿੱਥੇ ਹੋ ਸਕਦਾ ਹੈ?

ਅਧਿਆਤਮਿਕ ਸ਼ੋਸ਼ਣ ਧਾਰਮਿਕ ਸਮੂਹਾਂ ਵਿੱਚ ਲੋਕਾਂ ਨੂੰ ਕੰਟਰੋਲ ਕਰਨ ਲਈ ਜਾਂ ਗੂੜ੍ਹ-ਸੰਬੰਧਾਂ ਵਾਲੇ ਸਾਥੀਆਂ ਦੇ ਰਿਸ਼ਤਿਆਂ ਵਿੱਚ ਹੋ ਸਕਦਾ ਹੈ।

ਅਧਿਆਤਮਿਕ ਸ਼ੋਸ਼ਣ ਦੀਆਂ ਉਦਾਹਰਨਾਂ

  • ਤੁਹਾਨੂੰ ਆਪਣੇ ਧਰਮ ਨੂੰ ਬਿਲਕੁਲ ਵੀ ਜਾਂ ਜਿਵੇਂ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਮੰਨਣ ਨਾ ਦੇਣਾ।
  • ਤੁਹਾਨੂੰ ਉਨ੍ਹਾਂ ਧਾਰਮਿਕ ਕਿਰਿਆਵਾਂ ਵਿੱਚ ਹਿੱਸਾ ਲੈਣ ਲਈ ਮਜ਼ਬੂਰ ਕਰਨਾ ਜਿਨ੍ਹਾਂ ਦਾ ਤੁਸੀਂ ਹਿੱਸਾ ਨਹੀਂ ਬਨਣਾ ਚਾਹੁੰਦੇ ਹੋ।
  • ਤੁਹਾਨੂੰ ਰਿਸ਼ਤੇ ਵਿੱਚ ਰਹਿਣ ਲਈ ਮਜ਼ਬੂਰ ਕਰਨ ਲਈ ਜਾਂ ਹਿੰਸਾ ਅਤੇ ਸ਼ੋਸ਼ਣ ਨੂੰ ਜਾਇਜ਼ ਠਹਿਰਾਉਣ ਲਈ ਧਾਰਮਿਕ ਆਗੂਆਂ ਜਾਂ ਸਿੱਖਿਆਵਾਂ ਦੀ ਦੁਰਵਰਤੋਂ ਕਰਨਾ।
  • ਤੁਹਾਨੂੰ ਠੇਸ ਪਹੁੰਚਾਉਣ ਲਈ ਤੁਹਾਨੂੰ ਤੁਹਾਡੇ ਧਾਰਮਿਕ ਵਿਸ਼ਵਾਸਾਂ ਲਈ ਸ਼ਰਮਿੰਦਾ ਕਰਨਾ ਜਾਂ ਅਪਮਾਨ ਕਰਨਾ।

ਅਧਿਆਤਮਿਕ ਸ਼ੋਸ਼ਣ ਨੂੰ ਪਹਿਚਾਣਨਾ

ਅਧਿਆਤਮਿਕ ਸ਼ੋਸ਼ਣ ਨੂੰ ਪਹਿਚਾਣਨਾ ਔਖਾ ਹੋ ਸਕਦਾ ਹੈ, ਪਰ ਸ਼ੋਸ਼ਣ ਦੀਆਂ ਹੋਰ ਕਿਸਮਾਂ ਵਾਂਗ ਇਹ ਵੀ ਨੁਕਸਾਨਦੇਹ ਹੁੰਦਾ ਹੈ। ਇੱਥੇ ਕੁੱਝ ਸੰਕੇਤ ਦਿੱਤੇ ਗਏ ਹਨ:

  • ਉਹਨਾਂ ਧਾਰਮਿਕ ਰੀਤੀ-ਰਿਵਾਜ਼ਾਂ ਦੀ ਪਾਲਣਾ ਕਰਨ ਲਈ ਦਬਾਅ ਮਹਿਸੂਸ ਕਰਨਾ ਜਿਨ੍ਹਾਂ ਨਾਲ ਤੁਸੀਂ ਸਹਿਮਤ ਨਹੀਂ ਹੋ।
  • ਤੁਹਾਡੇ ਧਾਰਮਿਕ ਭਾਈਚਾਰੇ ਤੋਂ ਅਲੱਗ ਕੀਤਾ ਗਿਆ ਮਹਿਸੂਸ ਕਰਨਾ।
  • ਕਿਸੇ ਦੇ ਕਰਮਾਂ ਕਰਕੇ ਆਪਣੇ ਧਾਰਮਿਕ ਵਿਸ਼ਵਾਸਾਂ ਕਾਰਨ ਦੋਸ਼ੀ ਜਾਂ ਡਰੇ ਹੋਏ ਮਹਿਸੂਸ ਕਰਨਾ।
  • ਤੁਹਾਨੂੰ ਇਹ ਕਿਹਾ ਜਾਂਦਾ ਹੈ ਕਿ ਸ਼ੋਸ਼ਣ ਵਾਲੇ ਰਿਸ਼ਤੇ ਨੂੰ ਛੱਡਣਾ ਤੁਹਾਡੇ ਧਰਮ ਦੇ ਖਿਲਾਫ਼ ਹੈ।

ਸਹਾਇਤਾ ਪ੍ਰਾਪਤ ਕਰਨਾ

ਜੇਕਰ ਤੁਸੀਂ ਜਾਂ ਤੁਹਾਡੇ ਕਿਸੇ ਜਾਣਕਾਰ ਨੇ ਅਧਿਆਤਮਿਕ ਸ਼ੋਸ਼ਣ ਦਾ ਅਨੁਭਵ ਕੀਤਾ ਹੈ, ਤਾਂ ਮੱਦਦ ਉਪਲਬਧ ਹੈ।

ਜੇਕਰ ਤੁਹਾਨੂੰ ਮੱਦਦ ਦੀ ਲੋੜ ਹੈ ਅਤੇ ਇਹ ਕੋਈ ਐਮਰਜੈਂਸੀ ਨਹੀਂ ਹੈ, ਤਾਂ ਸਾਡੇ ਸਹਾਇਤਾ ਸੇਵਾਵਾਂ ਪੰਨੇ 'ਤੇ ਜਾਓ। ਉਹ ਸਹਾਇਤਾ ਪ੍ਰਦਾਨ ਅਤੇ ਮਾਰਗਦਰਸ਼ਨ ਕਰ ਸਕਦੇ ਹਨ।

ਚੇਤੇ ਰੱਖੋ:

  • ਤੁਹਾਨੂੰ ਆਪਣੇ ਧਰਮ ਨੂੰ ਆਪਣੀ ਮਰਜ਼ੀ ਨਾਲ ਮੰਨਣ ਦਾ ਅਧਿਕਾਰ ਹੈ।
  • ਕਿਸੇ ਨੂੰ ਵੀ ਤੁਹਾਡੀ ਸ਼ਰਧਾ ਦੀ ਵਰਤੋਂ ਤੁਹਾਨੂੰ ਕੰਟਰੋਲ ਕਰਨ ਜਾਂ ਨੁਕਸਾਨ ਪਹੁੰਚਾਉਣ ਲਈ ਨਹੀਂ ਕਰਨੀ ਚਾਹੀਦੀ ਹੈ।
  • ਸਹਾਇਤਾ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।