ਸਮਾਜਿਕ ਸ਼ੋਸ਼ਣ ਕੀ ਹੁੰਦਾ ਹੈ?
ਸਮਾਜਿਕ ਸ਼ੋਸ਼ਣ ਉਦੋਂ ਹੁੰਦਾ ਹੈ ਜਦੋਂ ਕੋਈ ਤੁਹਾਡੇ ਸਮਾਜਿਕ ਮੇਲ-ਜੋਲ ਅਤੇ ਰਿਸ਼ਤਿਆਂ ਨੂੰ ਕੰਟਰੋਲ ਕਰਦਾ ਹੈ। ਇਸ ਵਿੱਚ ਤੁਹਾਨੂੰ ਦੋਸਤਾਂ, ਪਰਿਵਾਰ ਅਤੇ ਭਾਈਚਾਰਕ ਗਤੀਵਿਧੀਆਂ ਤੋਂ ਅਲੱਗ ਕਰਨਾ ਸ਼ਾਮਿਲ ਹੋ ਸਕਦਾ ਹੈ। ਸਮਾਜਿਕ ਦੁਰਵਿਹਾਰ ਘਰੇਲੂ ਅਤੇ ਪਰਿਵਾਰਕ ਹਿੰਸਾ ਦਾ ਹੀ ਇੱਕ ਰੂਪ ਹੈ ਅਤੇ ਇਹ ਤੁਹਾਨੂੰ ਇਕੱਲਾ ਅਤੇ ਸ਼ੋਸ਼ਣਕਰਤਾ 'ਤੇ ਨਿਰਭਰ ਮਹਿਸੂਸ ਕਰਵਾ ਸਕਦਾ ਹੈ।
ਸਮਾਜਿਕ ਸ਼ੋਸ਼ਣ ਇੱਕ ਗੰਭੀਰ ਸਮੱਸਿਆ ਹੈ ਕਿਉਂਕਿ ਇਹ ਤੁਹਾਨੂੰ ਬਾਕੀਆਂ ਤੋਂ ਅਲੱਗ ਕਰ ਦਿੰਦੀ ਹੈ ਅਤੇ ਤੁਹਾਨੂੰ ਇਕੱਲਾ ਮਹਿਸੂਸ ਕਰਵਾਉਂਦੀ ਹੈ। ਇਹ ਸਮਝਣਾ ਮਹੱਤਵਪੂਰਨ ਹੈ ਕਿ ਸਮਾਜਿਕ ਸ਼ੋਸ਼ਣ ਕੀ ਹੁੰਦਾ ਹੈ ਅਤੇ ਮੱਦਦ ਕਿਵੇਂ ਪ੍ਰਾਪਤ ਕੀਤੀ ਜਾਵੇ। ਆਪਣੇ ਅਧਿਕਾਰਾਂ ਨੂੰ ਜਾਣ ਕੇ ਅਤੇ ਸਹਾਇਤਾ ਦੀ ਮੰਗ ਕਰਕੇ, ਤੁਸੀਂ ਦੂਜਿਆਂ ਨਾਲ ਦੁਬਾਰਾ ਜੁੜ ਸਕਦੇ ਹੋ ਅਤੇ ਆਪਣੇ ਸਮਾਜਿਕ ਜੀਵਨ ਨੂੰ ਦੁਬਾਰਾ ਬਣਾਉਣ ਦੀ ਸ਼ੁਰੂਆਤ ਕਰ ਸਕਦੇ ਹੋ।
ਆਸਟ੍ਰੇਲੀਆ ਵਿੱਚ:
- ਤੁਹਾਨੂੰ ਬਗ਼ੈਰ ਕੰਟਰੋਲ ਕੀਤੇ ਰਿਸ਼ਤੇ ਅਤੇ ਸਮਾਜਿਕ ਮੇਲਜੋਲ ਰੱਖਣ ਦਾ ਅਧਿਕਾਰ ਹੈ।
- ਸਮਾਜਿਕ ਸ਼ੋਸ਼ਣ ਕਦੇ ਵੀ ਤੁਹਾਡੀ ਗ਼ਲਤੀ ਨਹੀਂ ਹੁੰਦਾ ਹੈ।
- ਸਹਾਇਤਾ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।
ਸਮਾਜਿਕ ਸ਼ੋਸ਼ਣ ਦੇ ਰੂਪ
ਸਮਾਜਿਕ ਸ਼ੋਸ਼ਣ ਕਈ ਰੂਪਾਂ ਵਿੱਚ ਹੋ ਸਕਦਾ ਹੈ, ਜਿਵੇਂ ਕਿ:
- ਅਲੱਗ ਕਰਨਾ: ਤੁਹਾਨੂੰ ਦੋਸਤਾਂ, ਪਰਿਵਾਰ ਅਤੇ ਸਮਾਜਿਕ ਸਰਗਰਮੀਆਂ ਤੋਂ ਦੂਰ ਰੱਖਣਾ।
- ਨਿਗਰਾਨੀ ਕਰਨਾ: ਹਰ ਵੇਲੇ ਜਾਂਚ ਕਰਨਾ ਕਿ ਤੁਸੀਂ ਕਿੱਥੇ ਜਾਂਦੇ ਹੋ, ਤੁਸੀਂ ਕਿਸ ਨਾਲ ਗੱਲ ਕਰਦੇ ਹੋ, ਅਤੇ ਤੁਸੀਂ ਕੀ ਕਰਦੇ ਹੋ।
- ਸੰਚਾਰ 'ਤੇ ਕੰਟਰੋਲ ਕਰਨਾ: ਤੁਹਾਨੂੰ ਫ਼ੋਨ, ਇੰਟਰਨੈੱਟ ਜਾਂ ਹੋਰ ਤਰੀਕਿਆਂ ਨਾਲ ਦੂਜਿਆਂ ਨਾਲ ਸੰਪਰਕ ਕਰਨ ਤੋਂ ਰੋਕਣਾ।
- ਲੋਕਾਂ ਸਾਹਮਣੇ ਅਪਮਾਨ ਕਰਨਾ: ਤੁਹਾਡੇ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਦੂਜਿਆਂ ਦੇ ਸਾਹਮਣੇ ਤੁਹਾਡਾ ਅਪਮਾਨ ਕਰਨਾ ਜਾਂ ਸ਼ਰਮਿੰਦਾ ਕਰਨਾ।
- ਈਰਖਾ ਅਤੇ ਹੱਕ ਜਮਾਉਣਾ: ਈਰਖਾ ਅਤੇ ਮਾਲਕਾਣਾ ਮਾਨਸਿਕਤਾ ਵਾਲਾ ਵਤੀਰਾ ਕਰਨਾ ਤਾਂ ਜੋ ਤੁਹਾਡੇ ਹੋਰ ਰਿਸ਼ਤੇ ਨ ਬਣ ਸਕਣ।
ਕੋਈ ਵੀ ਵਿਅਕਤੀ ਸਮਾਜਿਕ ਸ਼ੋਸ਼ਣ ਦਾ ਸ਼ਿਕਾਰ ਹੋ ਸਕਦਾ ਹੈ, ਭਾਵੇਂ ਉਸ ਦੀ ਉਮਰ, ਲਿੰਗ ਜਾਂ ਪਿਛੋਕੜ ਕੁੱਝ ਵੀ ਹੋਵੇ। ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਨੂੰ ਮੱਦਦ ਲੈਣ ਲਈ ਵਾਧੂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਕਿ ਭਾਸ਼ਾ ਦੀਆਂ ਰੁਕਾਵਟਾਂ ਅਤੇ ਸਹਾਇਤਾ ਨੈੱਟਵਰਕਾਂ ਦੀ ਘਾਟ।
ਸਮਾਜਿਕ ਸ਼ੋਸ਼ਣ ਨੂੰ ਪਛਾਣਨਾ
ਸਮਾਜਿਕ ਸ਼ੋਸ਼ਣ ਦੀ ਪਛਾਣ ਕਰਨਾ ਅਤੇ ਇਸਨੂੰ ਹੱਲ ਕਰਨਾ ਮੁਸ਼ਕਲ ਹੋ ਸਕਦਾ ਹੈ, ਪਰ ਕੁੱਝ ਨਿਸ਼ਾਨੀਆਂ ਵਿੱਚ ਇਹ ਸ਼ਾਮਿਲ ਹਨ:
- ਦੋਸਤਾਂ ਅਤੇ ਪਰਿਵਾਰ ਤੋਂ ਅਲੱਗ ਮਹਿਸੂਸ ਕਰਨਾ।
- ਤੁਹਾਡੇ ਸਾਥੀ ਜਾਂ ਪਰਿਵਾਰਕ ਮੈਂਬਰ ਦੁਆਰਾ ਨਜ਼ਰ ਰੱਖੇ ਜਾਣਾ ਜਾਂ ਪਿੱਛਾ ਕੀਤਾ ਜਾਣਾ।
- ਤੁਹਾਡੇ ਸੰਚਾਰ ਨੂੰ ਸੀਮਿਤ ਜਾਂ ਕੰਟਰੋਲ ਕੀਤਾ ਜਾਣਾ।
- ਲੋਕਾਂ ਸਾਹਮਣੇ ਅਪਮਾਨਿਤ ਜਾਂ ਸ਼ਰਮਿੰਦਾ ਮਹਿਸੂਸ ਕਰਨਾ।
- ਤੁਹਾਡੇ ਜੀਵਨਸਾਥੀ ਜਾਂ ਪਰਿਵਾਰਕ ਮੈਂਬਰ ਵੱਲੋਂ ਈਰਖਾ ਅਤੇ ਹੱਕ ਜਮਾਉਣ ਦਾ ਸਾਹਮਣਾ ਕਰਨਾ।
ਸਮਾਜਿਕ ਸ਼ੋਸ਼ਣ ਦਾ ਪ੍ਰਭਾਵ
ਸਮਾਜਿਕ ਸ਼ੋਸ਼ਣ ਦੋਵੇਂ ਤਤਕਾਲ ਅਤੇ ਲੰਬੇ ਸਮੇਂ ਲਈ ਨੁਕਸਾਨ ਦਾ ਕਾਰਨ ਬਣ ਸਕਦਾ ਹੈ:
- ਭਾਵਨਾਤਮਕ ਦਰਦ: ਇਕੱਲਤਾ, ਚਿੰਤਾ, ਜਾਂ ਉਦਾਸੀ ਦੀਆਂ ਭਾਵਨਾਵਾਂ।
- ਸਹਾਇਤਾ ਖੁੱਸਣਾ: ਦੋਸਤਾਂ ਅਤੇ ਪਰਿਵਾਰ ਨਾਲ ਸੰਪਰਕ ਗੁਆਉਣਾ ਜੋ ਸਹਾਇਤਾ ਅਤੇ ਸਹਿਯੋਗ ਦੀ ਪੇਸ਼ਕਸ਼ ਕਰ ਸਕਦੇ ਸਨ।
- ਨਿਰਭਰਤਾ: ਸਮਾਜਿਕ ਮੇਲ-ਜੋਲ ਅਤੇ ਸਹਾਇਤਾ ਲਈ ਸ਼ੋਸ਼ਣਕਰਤਾ 'ਤੇ ਨਿਰਭਰ ਮਹਿਸੂਸ ਕਰਨਾ।
- ਘੱਟ ਸਵੈ-ਮਾਣ: ਸ਼ੋਸ਼ਣ ਦੇ ਕਾਰਨ ਬੇਕਾਰ ਜਾਂ ਸ਼ਰਮ ਮਹਿਸੂਸ ਕਰਨਾ।
ਸਹਾਇਤਾ ਪ੍ਰਾਪਤ ਕਰਨਾ
ਜੇਕਰ ਤੁਸੀਂ ਸਮਾਜਿਕ ਸ਼ੋਸ਼ਣ ਦਾ ਅਨੁਭਵ ਕਰ ਰਹੇ ਹੋ, ਤਾਂ ਮੱਦਦ ਲੈਣੀ ਮਹੱਤਵਪੂਰਨ ਹੈ। ਤੁਹਾਡੀ ਸਹਾਇਤਾ ਲਈ ਸਰੋਤ ਅਤੇ ਸੇਵਾਵਾਂ ਉਪਲਬਧ ਹਨ।
1800RESPECT: ਗੁਪਤ ਸਹਾਇਤਾ ਅਤੇ ਸਲਾਹ ਲੈਣ ਲਈ 1800 737 732 'ਤੇ ਫ਼ੋਨ ਕਰੋ।
Australian Federal Police: 131 237 'ਤੇ ਫ਼ੋਨ ਕਰੋ ਜਾਂ ਉਨ੍ਹਾਂ ਦੀ ਵੈੱਬਸਾਈਟ 'ਤੇ ਜਾਓ।
ਲੀਗਲ ਏਡ ਸਰਵਿਸਜ਼: ਮੁਫ਼ਤ ਕਾਨੂੰਨੀ ਸਲਾਹ ਅਤੇ ਸਹਾਇਤਾ ਦੀ ਪੇਸ਼ਕਸ਼ ਕਰਦੀਆਂ ਹਨ। ਉਹ ਤੁਹਾਨੂੰ ਤੁਹਾਡੇ ਅਧਿਕਾਰਾਂ ਬਾਰੇ ਦੱਸ ਸਕਦੇ ਹਨ ਅਤੇ ਕਾਨੂੰਨੀ ਮਸਲਿਆਂ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ। ਤੁਸੀਂ ਇੱਥੇ ਆਪਣੇ ਰਾਜ ਜਾਂ ਟੈਰੀਟਰੀ ਵਿਚਲੀ ਲੀਗਲ ਏਡ ਸੇਵਾ ਲਈ ਸੰਪਰਕ ਕਰ ਸਕਦੇ ਹੋ।
ਭਾਈਚਾਰਕ ਸੰਸਥਾਵਾਂ: ਬਹੁਤ ਸਾਰੇ ਸਥਾਨਕ ਗਰੁੱਪ ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਦੀ ਸਹਾਇਤਾ ਲੱਭਣ ਵਿੱਚ ਮੱਦਦ ਕਰਦੇ ਹਨ।
ਕਾਊਂਸਲਿੰਗ ਸੇਵਾਵਾਂ: ਪੇਸ਼ੇਵਰ ਕਾਊਂਸਲਰ ਭਾਵਨਾਤਮਕ ਸਹਾਇਤਾ ਅਤੇ ਵਿਹਾਰਕ ਸਲਾਹ ਦੇ ਸਕਦੇ ਹਨ।
ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ, ਸਾਡੇ ਸਹਾਇਤਾ ਸੇਵਾਵਾਂ ਪੰਨੇ 'ਤੇ ਜਾਓ।