ਕਾਨੂੰਨੀ ਸ਼ੋਸ਼ਣ

ਕਾਨੂੰਨੀ ਸ਼ੋਸ਼ਣ ਕੀ ਹੁੰਦਾ ਹੈ?

ਕਾਨੂੰਨੀ ਸ਼ੋਸ਼ਣ ਉਦੋਂ ਹੁੰਦਾ ਹੈ ਜਦੋਂ ਕੋਈ ਵਿਅਕਤੀ ਕਿਸੇ ਹੋਰ ਵਿਅਕਤੀ ਨੂੰ ਕੰਟਰੋਲ ਕਰਨ, ਪ੍ਰੇਸ਼ਾਨ ਕਰਨ ਜਾਂ ਨੁਕਸਾਨ ਪਹੁੰਚਾਉਣ ਲਈ ਕਾਨੂੰਨੀ ਪ੍ਰਣਾਲੀ ਦੀ ਵਰਤੋਂ ਕਰਦਾ ਹੈ। ਇਹ ਖ਼ਾਸ ਤੌਰ 'ਤੇ ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਲਈ ਚੁਣੌਤੀਪੂਰਨ ਹੋ ਸਕਦਾ ਹੈ, ਜਿਨ੍ਹਾਂ ਨੂੰ ਪਹਿਲਾਂ ਹੀ ਭਾਸ਼ਾ, ਸੱਭਿਆਚਾਰਕ ਅੰਤਰ, ਅਤੇ ਆਸਟ੍ਰੇਲੀਆਈ ਕਾਨੂੰਨਾਂ ਤੋਂ ਅਣਜਾਣਤਾ ਕਾਰਨ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਾਨੂੰਨੀ ਸ਼ੋਸ਼ਣ ਨੂੰ ਸਮਝਣਾ ਮਹੱਤਵਪੂਰਨ ਹੈ ਕਿਉਂਕਿ ਇਹ ਕਿਸੇ ਨੂੰ ਕਾਬੂ ਕਰਨ ਅਤੇ ਡਰਾਉਣ ਦਾ ਇੱਕ ਛੁਪਿਆ ਹੋਇਆ ਅਤੇ ਸ਼ਕਤੀਸ਼ਾਲੀ ਤਰੀਕਾ ਹੋ ਸਕਦਾ ਹੈ। ਇਸ ਬਾਰੇ ਜਾਣਕਾਰੀ ਰੱਖਣ ਅਤੇ ਕਦਮ ਚੁੱਕਣ ਨਾਲ ਸਾਰੀਆਂ ਔਰਤਾਂ ਨੂੰ ਬਿਨਾਂ ਕਿਸੇ ਡਰ ਦੇ ਜਿਊਣ ਅਤੇ ਕਾਨੂੰਨੀ ਮੱਦਦ ਅਤੇ ਸਹਾਇਤਾ ਸੇਵਾਵਾਂ ਤੱਕ ਨਿਰਪੱਖ ਪਹੁੰਚ ਪ੍ਰਾਪਤ ਕਰਨ ਵਿੱਚ ਸਹੂਲਤ ਮਿਲ ਸਕਦੀ ਹੈ। ਆਪਣੇ ਅਧਿਕਾਰਾਂ ਨੂੰ ਜਾਣ ਕੇ ਅਤੇ ਮੱਦਦ ਮੰਗ ਕੇ, ਤੁਸੀਂ ਆਪਣੀ ਸੁਰੱਖਿਆ ਆਪ ਕਰ ਸਕਦੇ ਹੋ।

ਆਸਟ੍ਰੇਲੀਆ ਵਿੱਚ:

  • ਤੁਹਾਡੇ ਕੋਲ ਨਿਰਪੱਖ ਵਿਵਹਾਰ ਕਰਨ ਅਤੇ ਕਾਨੂੰਨੀ ਤਰੀਕਿਆਂ ਰਾਹੀਂ ਤੰਗ-ਪ੍ਰੇਸ਼ਾਨ ਨਾ ਕੀਤੇ ਜਾਣ ਦਾ ਅਧਿਕਾਰ ਹੈ।
  • ਤੁਹਾਡਾ ਵੀਜ਼ਾ ਸ਼ੋਸ਼ਣ ਦੇ ਸਾਧਨ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ ਹੈ।
  • ਸਹਾਇਤਾ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।

ਕਾਨੂੰਨੀ ਸ਼ੋਸ਼ਣ ਦੇ ਰੂਪ

ਕਾਨੂੰਨੀ ਸ਼ੋਸ਼ਣ ਕਈ ਰੂਪਾਂ ਵਿੱਚ ਹੋ ਸਕਦਾ ਹੈ, ਜਿਸ ਵਿੱਚ ਸ਼ਾਮਿਲ ਹਨ:

  • ਵਾਰ-ਵਾਰ ਕਾਨੂੰਨੀ ਕਾਰਵਾਈ: ਪੀੜਤ ਦੀ ਨੱਕ ਵਿਚ ਦਮ ਕਰਨ ਅਤੇ ਡਰਾਉਣ ਲਈ ਕਈ, ਬੇਬੁਨਿਆਦ ਕਾਨੂੰਨੀ ਕੇਸ ਦਾਇਰ ਕਰਨਾ।
  • ਦੇਸ਼ ਨਿਕਾਲੇ ਦੀ ਧਮਕੀ: ਪੀੜਤ ਨੂੰ ਕੰਟਰੋਲ ਕਰਨ ਜਾਂ ਡਰਾਉਣ ਲਈ ਵੀਜ਼ੇ ਨਾਲ ਸੰਬੰਧਿਤ ਧਮਕੀਆਂ ਦੀ ਵਰਤੋਂ ਕਰਨਾ।
  • ਕਾਨੂੰਨੀ ਪ੍ਰਕਿਰਿਆਵਾਂ ਵਿੱਚ ਹੇਰਾਫੇਰੀ ਕਰਨਾ: ਪੀੜਤ ਦੇ ਸਰੋਤਾਂ ਅਤੇ ਊਰਜਾ ਨੂੰ ਖਤਮ ਕਰਨ ਲਈ ਕਾਨੂੰਨੀ ਕਾਰਵਾਈਆਂ ਵਿੱਚ ਦੇਰੀ ਨਾਲ ਜਾਂ ਪੇਚੀਦਾ ਕਰਨਾ।
  • ਕਾਨੂੰਨੀ ਜਾਣਕਾਰੀ ਨੂੰ ਰੋਕਣਾ: ਪੀੜਤ ਨੂੰ ਨਿਰਭਰ ਅਤੇ ਕਮਜ਼ੋਰ ਸਥਿਤੀ ਵਿੱਚ ਰੱਖਣ ਲਈ ਕਾਨੂੰਨੀ ਅਧਿਕਾਰਾਂ ਜਾਂ ਵੀਜ਼ੇ ਬਾਰੇ ਲੋੜੀਂਦੀ ਜਾਣਕਾਰੀ ਪ੍ਰਦਾਨ ਨਾ ਕਰਨਾ।

ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਕਾਨੂੰਨੀ ਸ਼ੋਸ਼ਣ ਲਈ ਵਿਸ਼ੇਸ਼ ਤੌਰ 'ਤੇ ਕਮਜ਼ੋਰ ਮਹਿਸੂਸ ਕਰ ਸਕਦੀਆਂ ਹਨ ਕਿਉਂਕਿ:

  • ਸ਼ਾਇਦ ਉਹ ਆਸਟ੍ਰੇਲੀਆ ਵਿੱਚ ਆਪਣੇ ਕਾਨੂੰਨੀ ਅਧਿਕਾਰਾਂ ਬਾਰੇ ਪੂਰੀ ਤਰ੍ਹਾਂ ਜਾਣੂ ਨਾ ਹੋਣ।
  • ਭਾਸ਼ਾ ਦੀਆਂ ਰੁਕਾਵਟਾਂ ਕਾਨੂੰਨੀ ਦਸਤਾਵੇਜ਼ਾਂ ਅਤੇ ਕਾਰਵਾਈਆਂ ਨੂੰ ਸਮਝਣਾ ਮੁਸ਼ਕਲ ਬਣਾ ਸਕਦੀਆਂ ਹਨ।
  • ਜੇਕਰ ਉਹ ਮੱਦਦ ਮੰਗਦੀਆਂ ਹਨ ਤਾਂ ਉਹ ਦੇਸ਼ ਨਿਕਾਲੇ ਜਾਂ ਹੋਰ ਨਿੱਕਲਣ ਵਾਲੇ ਇਮੀਗ੍ਰੇਸ਼ਨ ਨਤੀਜਿਆਂ ਤੋਂ ਡਰ ਸਕਦੀਆਂ ਹਨ।
  • ਹਰੇਕ ਦੇਸ਼ ਵਿੱਚ ਕਾਨੂੰਨੀ ਪ੍ਰਕਿਰਿਆਵਾਂ ਵੱਖਰੀਆਂ ਹੁੰਦੀਆਂ ਹਨ ਅਤੇ ਇੱਕ ਨਵੀਂ ਕਾਨੂੰਨੀ ਪ੍ਰਣਾਲੀ ਨੂੰ ਸਮਝਣਾ ਮੁਸ਼ਕਲ ਹੋ ਸਕਦਾ ਹੈ।

ਕਾਨੂੰਨੀ ਸ਼ੋਸ਼ਣ ਦੀ ਪਛਾਣ ਕਰਨਾ

ਕਾਨੂੰਨੀ ਸ਼ੋਸ਼ਣ ਨੂੰ ਪਛਾਣਣਾ ਔਖਾ ਹੋ ਸਕਦਾ ਹੈ, ਪਰ ਕੁੱਝ ਨਿਸ਼ਾਨੀਆਂ ਵਿੱਚ ਸ਼ਾਮਿਲ ਹਨ:

  • ਤੁਹਾਡੇ ਖਿਲਾਫ਼ ਵਾਰ-ਵਾਰ ਅਤੇ ਬੇਮਤਲਬ ਦੀਆਂ ਕਾਨੂੰਨੀ ਕਾਰਵਾਈਆਂ।
  • ਤੁਹਾਡੇ ਤੋਂ ਮੰਗਾਂ ਮਨਵਾਉਣ ਲਈ ਦੇਸ਼ ਨਿਕਾਲੇ ਜਾਂ ਕਾਨੂੰਨੀ ਨਤੀਜੇ ਭੁਗਤਣ ਦੀ ਧਮਕੀ ਦੇਣਾ।
  • ਕਾਨੂੰਨੀ ਪ੍ਰਕਿਰਿਆਵਾਂ ਦੁਆਰਾ ਦੱਬੇ ਹੋਏ ਅਤੇ ਉਲਝਣ ਮਹਿਸੂਸ ਕਰਨਾ ਅਤੇ ਸਪੱਸ਼ਟ ਜਵਾਬ ਨਾ ਮਿਲਣਾ।
  • ਕਾਨੂੰਨੀ ਮੱਦਦ ਜਾਂ ਤੁਹਾਡੇ ਅਧਿਕਾਰਾਂ ਬਾਰੇ ਜਾਣਕਾਰੀ ਤੋਂ ਅਲੱਗ ਰੱਖਣਾ।

ਸਹਾਇਤਾ ਪ੍ਰਾਪਤ ਕਰਨਾ

ਜੇਕਰ ਤੁਸੀਂ ਕਾਨੂੰਨੀ ਸ਼ੋਸ਼ਣ ਦਾ ਅਨੁਭਵ ਕਰ ਰਹੇ ਹੋ, ਤਾਂ ਮੱਦਦ ਲੈਣੀ ਮਹੱਤਵਪੂਰਨ ਹੈ। ਤੁਹਾਡੀ ਸਹਾਇਤਾ ਲਈ ਸਰੋਤ ਅਤੇ ਸੇਵਾਵਾਂ ਉਪਲਬਧ ਹਨ।

Australian Federal Police: ਅਪਰਾਧਾਂ ਦੀ ਰਿਪੋਰਟ ਕਰਨ ਅਤੇ ਸੁਰੱਖਿਆ ਪ੍ਰਾਪਤ ਕਰਨ ਲਈ, 131 237 'ਤੇ ਫ਼ੋਨ ਕਰੋ ਜਾਂ ਉਨ੍ਹਾਂ ਦੀ ਵੈੱਬਸਾਈਟ 'ਤੇ ਜਾਓ।

ਲੀਗਲ ਏਡ ਸਰਵਿਸਜ਼: ਮੁਫ਼ਤ ਕਾਨੂੰਨੀ ਸਲਾਹ ਅਤੇ ਨੁਮਾਇੰਦਗੀ ਦੀ ਪੇਸ਼ਕਸ਼ ਕਰਦੀਆਂ ਹਨ। ਇਹ ਸੇਵਾਵਾਂ ਤੁਹਾਡੀ ਆਪਣੇ ਅਧਿਕਾਰਾਂ ਨੂੰ ਸਮਝਣ ਅਤੇ ਕਾਨੂੰਨੀ ਪ੍ਰਣਾਲੀ ਵਿੱਚੋਂ ਲੰਘਣ ਵਿੱਚ ਮੱਦਦ ਕਰ ਸਕਦੀਆਂ ਹਨ। ਤੁਸੀਂ ਇੱਥੇ ਆਪਣੇ ਰਾਜ ਜਾਂ ਟੈਰੀਟਰੀ ਵਿਚਲੀ ਲੀਗਲ ਏਡ ਸੇਵਾ ਲਈ ਸੰਪਰਕ ਕਰ ਸਕਦੇ ਹੋ।

1800RESPECT: ਗੁਪਤ ਸਹਾਇਤਾ ਅਤੇ ਸਲਾਹ ਲੈਣ ਲਈ 1800 737 732 'ਤੇ ਫ਼ੋਨ ਕਰੋ।

ਭਾਈਚਾਰਕ ਸੰਸਥਾਵਾਂ: ਬਹੁਤ ਸਾਰੀਆਂ ਸਥਾਨਕ ਸੰਸਥਾਵਾਂ ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਲਈ ਸਹਾਇਤਾ ਪ੍ਰਦਾਨ ਕਰਦੀਆਂ ਹਨ, ਜਿਸ ਵਿੱਚ ਸੇਵਾ ਲੱਭਣ ਵਿੱਚ ਤੁਹਾਡੀ ਮੱਦਦ ਕਰਨਾ ਵੀ ਸ਼ਾਮਿਲ ਹੈ।

ਕਾਊਂਸਲਿੰਗ ਸੇਵਾਵਾਂ: ਪੇਸ਼ੇਵਰ ਕਾਊਂਸਲਰ ਭਾਵਨਾਤਮਕ ਸਹਾਇਤਾ ਅਤੇ ਵਿਹਾਰਕ ਸਲਾਹ ਦੇ ਸਕਦੇ ਹਨ।

ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ, ਸਾਡੇ ਸਹਾਇਤਾ ਸੇਵਾਵਾਂ ਪੰਨੇ 'ਤੇ ਜਾਓ।