ਔਰਤਾਂ ਦੇ ਜਣਨ ਅੰਗਾਂ ਦਾ ਖਤਨਾ ਕਰਨਾ ਅਤੇ ਕੱਟਣਾ (FGM/C) ਕੀ ਹੁੰਦਾ ਹੈ?
FGM/C ਉਦੋਂ ਹੁੰਦਾ ਹੈ ਜਦੋਂ ਮਾਦਾ ਜਣਨ ਅੰਗਾਂ ਦੇ ਹਿੱਸਿਆਂ ਨੂੰ ਬਗ਼ੈਰ ਕਿਸੇ ਮੈਡੀਕਲ ਕਾਰਨ ਕੱਟਿਆ ਜਾਂ ਬਦਲਿਆ ਜਾਂਦਾ ਹੈ। ਇਹ ਲਿੰਗ-ਆਧਾਰਿਤ ਹਿੰਸਾ ਦਾ ਹੀ ਇੱਕ ਰੂਪ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਹੈ।
FGM/C ਨੂੰ ਇਨ੍ਹਾਂ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ:
- ਮਾਦਾ ਜਣਨ ਅੰਗਾਂ ਦਾ ਕੱਟਣਾ
- ਔਰਤ ਦੀ ਸੁੰਨਤ
- ਰਿਵਾਇਤੀ ਕੱਟਣਾ
- ਧਰਮ-ਮਰਯਾਦਾ ਅਨੁਸਾਰ ਮਾਦਾ ਸਰਜਰੀ
ਆਸਟ੍ਰੇਲੀਆ ਵਿੱਚ FGM/C
ਆਸਟ੍ਰੇਲੀਆ ਵਿੱਚ FGM/C ਗ਼ੈਰਕਾਨੂੰਨੀ ਹੈ, ਪਰ ਇੱਥੇ 50,000 ਤੋਂ ਵੱਧ ਔਰਤਾਂ ਅਤੇ ਕੁੜੀਆਂ ਹਨ ਜਿਨ੍ਹਾਂ ਨੇ ਸ਼ਾਇਦ ਇਸਦਾ ਅਨੁਭਵ ਕੀਤਾ ਹੈ। ਇਹ ਰਿਵਾਜ ਕਿਸੇ ਵੀ ਸੱਭਿਆਚਾਰਕ ਜਾਂ ਆਰਥਿਕ ਸਮੂਹ ਵਿੱਚ ਹੋ ਸਕਦਾ ਹੈ ਅਤੇ ਇੱਕ ਵਿਸ਼ਵਵਿਆਪੀ ਮੁੱਦਾ ਹੈ। ਦੁਨੀਆ ਭਰ ਵਿੱਚ 200 ਮਿਲੀਅਨ ਤੋਂ ਵੱਧ ਔਰਤਾਂ FGM/C ਵਿੱਚੋਂ ਗੁਜ਼ਰ ਚੁੱਕੀਆਂ ਹਨ।
FGM/C ਕਦੋਂ ਵਾਪਰਦਾ ਹੈ?
FGM/C ਅਕਸਰ 0 ਤੋਂ 15 ਸਾਲ ਦੀ ਉਮਰ ਦੀਆਂ ਕੁੜੀਆਂ ਦਾ ਕੀਤਾ ਜਾਂਦਾ ਹੈ, ਪਰ ਇਹ ਪਹਿਲੀ ਗਰਭ-ਅਵਸਥਾ ਦੌਰਾਨ ਵੀ ਹੋ ਸਕਦਾ ਹੈ।
FGM/C ਬਾਰੇ ਗ਼ਲਤ-ਧਾਰਨਾਵਾਂ ਅਤੇ ਸੱਚਾਈਆਂ
ਕੁੱਝ ਲੋਕ ਮੰਨਦੇ ਹਨ ਕਿ FGM/C ਦੇ ਬਿਹਤਰ ਸਵੱਛਤਾ, ਜਣਨ ਸ਼ਕਤੀ ਅਤੇ ਬੱਚੇ ਦੇ ਜੀਵਤ ਰਹਿਣ ਵਰਗੇ ਫ਼ਾਇਦੇ ਹਨ। ਹਾਲਾਂਕਿ, World Health Organization ਦਾ ਕਹਿਣਾ ਹੈ ਕਿ FGM/C ਔਰਤਾਂ ਅਤੇ ਲੜਕੀਆਂ ਨੂੰ ਸਿਰਫ਼ ਨੁਕਸਾਨ ਹੀ ਪਹੁੰਚਾਉਂਦਾ ਹੈ।
ਜੋ ਔਰਤਾਂ ਅਤੇ ਲੜਕੀਆਂ FGM/C ਦਾ ਸ਼ਿਕਾਰ ਹੋਈਆਂ ਹਨ, ਉਹ ਇਹ ਅਨੁਭਵ ਕਰ ਸਕਦੀਆਂ ਹਨ:
- ਗੰਭੀਰ ਦਰਦ: ਬਹੁਤ ਜ਼ਿਆਦਾ ਸਰੀਰਕ ਤਕਲੀਫ਼ ਜੋ ਲੰਬੇ ਸਮੇਂ ਤੱਕ ਰਹਿ ਸਕਦੀ ਹੈ ਜਿਸ ਵਿੱਚ ਸੈਕਸ ਦੌਰਾਨ ਤਕਲੀਫ਼ ਹੋਣਾ ਵੀ ਸ਼ਾਮਿਲ ਹੈ।
- ਬੁਖ਼ਾਰ: ਇਸ ਪ੍ਰਕਿਰਿਆ ਦੇ ਪ੍ਰਤੀਕਰਮ ਵਜੋਂ ਸਰੀਰ ਦਾ ਉੱਚ ਤਾਪਮਾਨ।
- ਇਨਫੈਕਸ਼ਨ (ਲਾਗ): ਕੱਟਣ ਵਾਲੇ ਔਜ਼ਾਰਾਂ ਦੇ ਨਾ ਸਾਫ਼ ਹੋਣ ਕਾਰਨ ਜਾਂ ਅਸ਼ੁੱਧ ਸਥਿਤੀਆਂ ਕਾਰਨ ਬੈਕਟੀਰੀਆ ਨਾਲ ਸੰਬੰਧਿਤ ਲਾਗਾਂ।
- ਪਿਸ਼ਾਬ ਅਤੇ ਮਾਹਵਾਰੀ ਸੰਬੰਧਿਤ ਸਮੱਸਿਆਵਾਂ: ਪਿਸ਼ਾਬ ਅਤੇ ਮਾਹਵਾਰੀ ਚੱਕਰ ਵਿੱਚ ਮੁਸ਼ਕਲਾਂ।
- ਸਦਮਾ: ਦਰਦ ਅਤੇ ਸੱਟ ਲਈ ਇੱਕ ਗੰਭੀਰ ਸਰੀਰਕ ਪ੍ਰਤੀਕਰਮ, ਜੋ ਜਾਨਲੇਵਾ ਵੀ ਹੋ ਸਕਦੀ ਹੈ।
- ਭਾਰੀ ਖੂਨ ਵਹਿਣਾ (ਹੈਮਰੇਜ): ਇਸ ਪ੍ਰਕਿਰਿਆ ਦੇ ਦੌਰਾਨ ਜਾਂ ਬਾਅਦ ਵਿੱਚ ਬਹੁਤ ਜ਼ਿਆਦਾ ਖੂਨ ਦਾ ਵਹਿ ਜਾਣਾ।
- ਮੌਤ: ਬਹੁਤ ਜ਼ਿਆਦਾ ਦੁਰਲੱਭ ਮਾਮਲਿਆਂ ਵਿੱਚ, FGM/C ਤੋਂ ਪੈਦਾ ਹੋਈਆਂ ਜਟਿਲਤਾਵਾਂ ਮੌਤ ਦਾ ਕਾਰਨ ਬਣ ਸਕਦੀਆਂ ਹਨ।
- ਜਣੇਪਾ ਸਮੱਸਿਆਵਾਂ ਅਤੇ ਨਵਜਾਤ ਬੱਚੇ ਦੀ ਮੌਤ ਹੋਣ ਦਾ ਵਧੇਰੇ ਜ਼ੋਖਮ: ਬੱਚੇ ਦੇ ਜਨਮ ਲੈਣ ਸਮੇਂ ਪੈਦਾ ਹੋਈਆਂ ਜਟਿਲਤਾਵਾਂ ਜੋ ਮਾਂ ਅਤੇ ਬੱਚੇ ਦੋਨੋਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
- ਮਾਨਸਿਕ ਸਿਹਤ ਸਮੱਸਿਆਵਾਂ: ਲੰਬੇ ਸਮੇਂ ਤੱਕ ਰਹਿਣ ਵਾਲੇ ਮਨੋਵਿਗਿਆਨਕ ਪ੍ਰਭਾਵ, ਜਿਸ ਵਿੱਚ ਡਿਪਰੈਸ਼ਨ, ਘਬਰਾਹਟ ਰੋਗ, ਅਤੇ ਪੋਸਟ-ਟਰਾਮੈਟਿਕ ਸਟਰੈੱਸ ਡਿਸਆਰਡਰ (PTSD) ਸ਼ਾਮਿਲ ਹਨ।
ਸਹਾਇਤਾ ਪ੍ਰਾਪਤ ਕਰਨਾ
ਜੇਕਰ ਤੁਸੀਂ ਜਾਂ ਤੁਹਾਡੇ ਕਿਸੇ ਜਾਣਕਾਰ ਨੇ FGM/C ਦਾ ਅਨੁਭਵ ਕੀਤਾ ਹੈ, ਤਾਂ ਮੱਦਦ ਉਪਲਬਧ ਹੈ। National Education Toolkit for Female Genital Mutilation/Cutting Awareness ਕੋਲ ਤੁਹਾਡੀ ਭਾਸ਼ਾ ਵਿੱਚ ਸਰੋਤ ਉਪਲਬਧ ਹਨ।
ਜੇਕਰ ਤੁਹਾਨੂੰ ਮੱਦਦ ਦੀ ਲੋੜ ਹੈ ਅਤੇ ਇਹ ਕੋਈ ਐਮਰਜੈਂਸੀ ਨਹੀਂ ਹੈ, ਤਾਂ ਸਾਡੇ ਸਹਾਇਤਾ ਸੇਵਾਵਾਂ ਪੰਨੇ 'ਤੇ ਜਾਓ। ਉਹ ਸਹਾਇਤਾ ਪ੍ਰਦਾਨ ਅਤੇ ਮਾਰਗਦਰਸ਼ਨ ਕਰ ਸਕਦੇ ਹਨ।
ਚੇਤੇ ਰੱਖੋ, ਤੁਸੀਂ ਇਕੱਲੇ ਨਹੀਂ ਹੋ, ਅਤੇ ਮੱਦਦ ਉਪਲਬਧ ਹੈ।