ਘਰੇਲੂ ਅਤੇ ਪਰਿਵਾਰਕ ਹਿੰਸਾ ਅਤੇ ਤੁਹਾਡਾ ਵੀਜ਼ਾ

ਵੀਜ਼ਾ ਸ਼ੋਸ਼ਣ ਕੀ ਹੁੰਦਾ ਹੈ?

ਜੇਕਰ ਆਸਟ੍ਰੇਲੀਆ ਵਿੱਚ ਤੁਸੀਂ ਵੀਜ਼ੇ 'ਤੇ ਹੋ, ਤਾਂ ਤੁਹਾਡਾ ਸਾਥੀ ਜਾਂ ਪਰਿਵਾਰਕ ਮੈਂਬਰ ਤੁਹਾਡੇ ਵੀਜ਼ੇ ਦੇ ਦਰਜੇ ਨੂੰ ਤੁਹਾਨੂੰ  ਕੰਟਰੋਲ ਕਰਨ ਅਤੇ ਸ਼ੋਸ਼ਣ ਕਰਨ ਲਈ ਵਰਤ ਸਕਦਾ ਹੈ। ਇਸ ਨੂੰ ਵੀਜ਼ਾ ਸ਼ੋਸ਼ਣ ਕਿਹਾ ਜਾਂਦਾ ਹੈ, ਅਤੇ ਇਹ ਘਰੇਲੂ ਅਤੇ ਪਰਿਵਾਰਕ ਹਿੰਸਾ ਦਾ ਹੀ ਇੱਕ ਰੂਪ ਹੈ। ਵੀਜ਼ਾ ਸ਼ੋਸ਼ਣ ਤੁਹਾਨੂੰ ਫਸਿਆ ਹੋਇਆ ਅਤੇ ਮੱਦਦ ਮੰਗਣ ਤੋਂ ਡਰ ਮਹਿਸੂਸ ਕਰਵਾ ਸਕਦਾ ਹੈ।

ਆਸਟ੍ਰੇਲੀਆ ਵਿੱਚ:

  • ਤੁਹਾਨੂੰ ਹਿੰਸਾ ਅਤੇ ਦੁਰਵਿਵਹਾਰ ਤੋਂ ਮੁਕਤ ਰਹਿਣ ਦਾ ਅਧਿਕਾਰ ਹੈ।
  • ਤੁਹਾਡਾ ਵੀਜ਼ਾ ਦਰਜਾ ਤੁਹਾਨੂੰ ਮਦਦ ਮੰਗਣ ਤੋਂ ਨਹੀਂ ਰੋਕ ਸਕਦਾ ਹੈ।
  • ਸਹਾਇਤਾ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।

ਵੀਜ਼ਾ ਸ਼ੋਸ਼ਣ ਦੀਆਂ ਕਿਸਮਾਂ

  • ਤੁਹਾਡਾ ਵੀਜ਼ਾ ਰੱਦ ਕਰਵਾਉਣ ਦੀਆਂ ਧਮਕੀਆਂ: ਜੇਕਰ ਤੁਸੀਂ ਜਾਣ ਦੀ ਕੋਸ਼ਿਸ਼ ਕਰਦੇ ਹੋ ਜਾਂ ਮੱਦਦ ਮੰਗਦੇ ਹੋ ਤਾਂ ਤੁਹਾਡਾ ਸਾਥੀ ਤੁਹਾਡਾ ਵੀਜ਼ਾ ਰੱਦ ਕਰਵਾਉਣ ਜਾਂ ਤੁਹਾਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਰਿਪੋਰਟ ਕਰਨ ਦੀ ਧਮਕੀ ਦੇ ਸਕਦਾ ਹੈ।
  • ਤੁਹਾਡੇ ਅਧਿਕਾਰਾਂ ਬਾਰੇ ਝੂਠ: ਤੁਹਾਡਾ ਸਾਥੀ ਤੁਹਾਡੀਆਂ ਵੀਜ਼ਾ ਸ਼ਰਤਾਂ ਬਾਰੇ ਤੁਹਾਡੇ ਨਾਲ ਝੂਠ ਬੋਲ ਸਕਦਾ ਹੈ, ਜਿਸ ਨਾਲ ਤੁਹਾਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਉਨ੍ਹਾਂ ਤੋਂ ਬਗ਼ੈਰ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਹਨ।
  • ਜਾਣਕਾਰੀ ਛੁਪਾਉਣਾ: ਤੁਹਾਡਾ ਸਾਥੀ ਮਹੱਤਵਪੂਰਨ ਦਸਤਾਵੇਜ਼ ਜਾਂ ਤੁਹਾਡੇ ਵੀਜ਼ਾ ਦਰਜੇ ਬਾਰੇ ਤੁਹਾਡੇ ਤੋਂ ਜਾਣਕਾਰੀ ਲੁਕਾ ਸਕਦਾ ਹੈ।
  • ਵੀਜ਼ਾ ਅਰਜ਼ੀਆਂ ਨੂੰ ਕੰਟਰੋਲ ਕਰਨਾ: ਤੁਹਾਡਾ ਸਾਥੀ ਵੀਜ਼ਾ ਅਰਜ਼ੀ ਪ੍ਰਕਿਰਿਆ ਨੂੰ ਕੰਟਰੋਲ ਕਰ ਸਕਦਾ ਹੈ, ਜਿਸ ਨਾਲ ਤੁਸੀਂ ਆਪਣੀ ਰਿਹਾਇਸ਼ ਲਈ ਉਨ੍ਹਾਂ 'ਤੇ ਨਿਰਭਰ ਹੋ ਸਕਦੇ ਹੋ।

ਵੀਜ਼ਾ ਧਾਰਕ ਹੋਣ ਦੇ ਨਾਤੇ, ਜੇਕਰ ਤੁਸੀਂ ਘਰੇਲੂ ਅਤੇ ਪਰਿਵਾਰਕ ਹਿੰਸਾ ਦੀ ਰਿਪੋਰਟ ਕਰਦੇ ਹੋ ਤਾਂ ਸ਼ਾਇਦ ਤੁਹਾਨੂੰ ਆਪਣਾ ਵੀਜ਼ਾ ਗੁਆਉਣ ਜਾਂ ਦੇਸ਼ ਛੱਡਣ ਲਈ ਮਜ਼ਬੂਰ ਕੀਤੇ ਜਾਣ ਬਾਰੇ ਚਿੰਤਾ ਹੋ ਸਕਦੀ ਹੈ। ਇਹ ਜਾਣਨਾ ਮਹੱਤਵਪੂਰਨ ਹੈ ਕਿ ਤੁਹਾਡੇ ਲਈ ਸੁਰੱਖਿਆਵਾਂ ਮੌਜੂਦ ਹਨ, ਅਤੇ ਤੁਹਾਡੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ।

ਵੀਜ਼ਾ ਧਾਰਕ ਵਜੋਂ ਤੁਹਾਡੇ ਅਧਿਕਾਰ

  • ਪਹਿਲਾਂ ਸੁਰੱਖਿਆ : ਤੁਹਾਡੀ ਸੁਰੱਖਿਆ ਅਤੇ ਤੁਹਾਡੇ ਬੱਚਿਆਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਚੀਜ਼ ਹੈ।
  • ਪਰਿਵਾਰਕ ਹਿੰਸਾ ਪ੍ਰਤੀ ਸੁਰੱਖਿਆ ਪ੍ਰਬੰਧ (Family Violence Provisions): ਆਸਟ੍ਰੇਲੀਆਈ ਕਾਨੂੰਨ ਵੀਜ਼ਾ 'ਤੇ ਹੋਣ ਵਾਲੇ ਘਰੇਲੂ ਅਤੇ ਪਰਿਵਾਰਕ ਹਿੰਸਾ ਦਾ ਅਨੁਭਵ ਕਰਨ ਵਾਲੇ ਲੋਕਾਂ ਲਈ ਸੁਰੱਖਿਆਵਾਂ ਦਿੰਦੇ ਹਨ। ਜੇਕਰ ਤੁਹਾਡਾ ਰਿਸ਼ਤਾ ਹਿੰਸਾ ਦੇ ਕਾਰਨ ਖ਼ਤਮ ਹੋ ਜਾਵੇ ਤਾਂ ਵੀ ਤੁਸੀਂ ਆਸਟ੍ਰੇਲੀਆ ਵਿੱਚ ਰਹਿਣ ਦੇ ਯੋਗ ਹੋ ਸਕਦੇ ਹੋ।
  • ਗੁਪਤ ਸਹਾਇਤਾ: ਤੁਸੀਂ ਆਪਣੀ ਨਿੱਜਤਾ ਬਾਰੇ ਚਿੰਤਾ ਕੀਤੇ ਬਗ਼ੈਰ ਮੱਦਦ ਪ੍ਰਾਪਤ ਕਰ ਸਕਦੇ ਹੋ। ਸੇਵਾਵਾਂ ਗੁਪਤ ਰੂਪ ਵਿੱਚ ਤੁਹਾਡੀ ਸਹਾਇਤਾ ਲਈ ਮੌਜੂਦ ਹਨ।

ਸਹਾਇਤਾ ਪ੍ਰਾਪਤ ਕਰਨਾ

ਜੇਕਰ ਤੁਸੀਂ ਘਰੇਲੂ ਅਤੇ ਪਰਿਵਾਰਕ ਹਿੰਸਾ ਦਾ ਅਨੁਭਵ ਕਰ ਰਹੇ ਹੋ, ਤਾਂ ਮੱਦਦ ਉਪਲਬਧ ਹੈ। ਤੁਸੀਂ ਇਕੱਲੇ ਨਹੀਂ ਹੋ, ਅਤੇ ਇੱਥੇ ਅਜਿਹੇ ਲੋਕ ਹਨ ਜੋ ਤੁਹਾਡੀ ਸਹਾਇਤਾ ਕਰ ਸਕਦੇ ਹਨ।

ਜੇਕਰ ਤੁਸੀਂ ਅਸਥਾਈ ਵੀਜ਼ਾ ਧਾਰਕ ਹੋ, ਤਾਂ Department of Home Affairs ਕੋਲ ਇੱਕ Domestic and Family Violence Visa Support Section ਹੈ ਜੋ ਤੁਹਾਡੇ ਵੀਜ਼ੇ ਵਿੱਚ ਤੁਹਾਡੀ ਮੱਦਦ ਕਰ ਸਕਦਾ ਹੈ। ਤੁਸੀਂ ਉਨ੍ਹਾਂ ਨਾਲ ਇੱਥੇ ਸੰਪਰਕ ਕਰ ਸਕਦੇ ਹੋ।

1800RESPECT: ਗੁਪਤ ਸਹਾਇਤਾ ਅਤੇ ਸਲਾਹ ਲੈਣ ਲਈ 1800 737 732 'ਤੇ ਫ਼ੋਨ ਕਰੋ।

Australian Federal Police: 131 237 'ਤੇ ਫ਼ੋਨ ਕਰੋ ਜਾਂ AFP ਦੀ ਵੈੱਬਸਾਈਟ 'ਤੇ ਜਾਓ।

ਲੀਗਲ ਏਡ ਸਰਵਿਸਜ਼: ਕਾਨੂੰਨੀ ਸੇਵਾਵਾਂ ਤੁਹਾਡੇ ਵੀਜ਼ਾ ਸੰਬੰਧੀ ਤੁਹਾਡੇ ਅਧਿਕਾਰਾਂ ਅਤੇ ਵਿਕਲਪਾਂ ਨੂੰ ਸਮਝਣ ਵਿੱਚ ਤੁਹਾਡੀ ਮੱਦਦ ਕਰ ਸਕਦੀਆਂ ਹਨ। ਤੁਸੀਂ ਇੱਥੇ ਆਪਣੇ ਰਾਜ ਜਾਂ ਟੈਰੀਟਰੀ ਵਿਚਲੀ ਲੀਗਲ ਏਡ ਸੇਵਾ ਲਈ ਸੰਪਰਕ ਕਰ ਸਕਦੇ ਹੋ।

ਅਨੁਵਾਦਿਤ ਜਾਣਕਾਰੀ: ਬਹੁਤ ਸਾਰੀਆਂ ਸੰਸਥਾਵਾਂ ਤੁਹਾਨੂੰ ਆਪਣੇ ਅਧਿਕਾਰਾਂ ਨੂੰ ਸਮਝਣ ਅਤੇ ਮੱਦਦ ਕਿਵੇਂ ਪ੍ਰਾਪਤ ਕਰਨੀ ਹੈ, ਇਹ ਸਮਝਣ ਲਈ ਵੱਖ-ਵੱਖ ਭਾਸ਼ਾਵਾਂ ਵਿੱਚ ਜਾਣਕਾਰੀ ਪ੍ਰਦਾਨ ਕਰਦੀਆਂ ਹਨ।

ਕਾਊਂਸਲਿੰਗ ਸੇਵਾਵਾਂ: ਪੇਸ਼ੇਵਰ ਕਾਊਂਸਲਰ ਭਾਵਨਾਤਮਕ ਸਹਾਇਤਾ ਅਤੇ ਵਿਹਾਰਕ ਸਲਾਹ ਦੇ ਸਕਦੇ ਹਨ।

ਸੁਰੱਖਿਅਤ ਰਿਹਾਇਸ਼: ਜੇ ਤੁਹਾਨੂੰ ਆਪਣਾ ਘਰ ਛੱਡਣਾ ਪੈ ਰਿਹਾ ਹੈ, ਤਾਂ ਅਜਿਹੀਆਂ ਸੁਰੱਖਿਅਤ ਥਾਵਾਂ ਹਨ ਜਿੱਥੇ ਤੁਸੀਂ ਅਤੇ ਤੁਹਾਡੇ ਬੱਚੇ ਰਹਿ ਸਕਦੇ ਹੋ।

ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ, ਸਾਡੇ ਸਹਾਇਤਾ ਸੇਵਾਵਾਂ ਪੰਨੇ 'ਤੇ ਜਾਓ।