ਬਿਰਧ ਸ਼ੋਸ਼ਣ

ਬਿਰਧ ਸ਼ੋਸ਼ਣ ਕੀ ਹੁੰਦਾ ਹੈ?

ਬਿਰਧ ਸ਼ੋਸ਼ਣ ਕਿਸੇ ਬਜ਼ੁਰਗ ਵਿਅਕਤੀ ਪ੍ਰਤੀ ਕੀਤੀ ਹਿੰਸਾ ਜਾਂ ਸ਼ੋਸ਼ਣ ਦੀ ਕੋਈ ਵੀ ਕਿਰਿਆ ਹੁੰਦੀ ਹੈ, ਅਕਸਰ ਕਿਸੇ ਅਜਿਹੇ ਵਿਅਕਤੀ ਦੁਆਰਾ ਕੀਤੀ ਜਾਂਦੀ ਜਿਸਨੂੰ ਉਹ ਜਾਣਦੇ ਹਨ ਅਤੇ ਭਰੋਸਾ ਕਰਦੇ ਹਨ। ਇਸ ਵਿੱਚ ਬੱਚੇ, ਜੀਵਨਸਾਥੀ, ਪੋਤੇ-ਪੋਤੀਆਂ, ਪਰਿਵਾਰ ਦੇ ਹੋਰ ਮੈਂਬਰ, ਦੋਸਤ, ਦੇਖਭਾਲ ਕਰਨ ਵਾਲੇ, ਜਾਂ ਗੁਆਂਢੀ ਸ਼ਾਮਿਲ ਹੋ ਸਕਦੇ ਹਨ।

ਕਿਸੇ ਵੀ ਪਿਛੋਕੜ, ਧਰਮ ਜਾਂ ਭਾਈਚਾਰੇ ਦਾ ਕੋਈ ਵੀ ਬਜ਼ੁਰਗ ਵਿਅਕਤੀ ਬਿਰਧ ਸ਼ੋਸ਼ਣ ਦਾ ਸ਼ਿਕਾਰ ਹੋ ਸਕਦਾ ਹੈ। ਇਹ ਕਈ ਵਾਰ ਪਰਿਵਾਰਕ ਹਿੰਸਾ ਦਾ ਇੱਕ ਨਮੂਨਾ ਹੋ ਸਕਦਾ ਹੈ ਜੋ ਵਿਅਕਤੀ ਦੀ ਉਮਰ ਵੱਧਣ ਦੇ ਨਾਲ-ਨਾਲ ਜਾਰੀ ਰਹਿੰਦਾ ਹੈ।

ਆਸਟ੍ਰੇਲੀਆ ਵਿੱਚ ਬਿਰਧ ਸ਼ੋਸ਼ਣ ਇੱਕ ਅਪਰਾਧ ਹੈ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰੀ ਬਿਰਧ ਸ਼ੋਸ਼ਣ ਦਾ ਅਨੁਭਵ ਕਰ ਰਿਹਾ ਹੈ, ਤਾਂ ਮੱਦਦ ਪ੍ਰਾਪਤ ਕਰਨਾ ਮਹੱਤਵਪੂਰਨ ਹੈ।

ਬਿਰਧ ਸ਼ੋਸ਼ਣ ਦੇ ਰੂਪ

ਬਿਰਧ ਸ਼ੋਸ਼ਣ ਘਰੇਲੂ ਅਤੇ ਪਰਿਵਾਰਕ ਹਿੰਸਾ ਦਾ ਹੀ ਇੱਕ ਰੂਪ ਹੈ ਅਤੇ ਇਹ ਕਈ ਰੂਪ ਲੈ ਸਕਦੀ ਹੈ:

  • ਮਨੋਵਿਗਿਆਨਕ ਸ਼ੋਸ਼ਣ: ਇਸ ਵਿੱਚ ਬਜ਼ੁਰਗ ਵਿਅਕਤੀ ਦੀ ਬੇਇੱਜ਼ਤੀ ਕਰਨਾ, ਸ਼ਰਮਿੰਦਾ ਕਰਨਾ, ਜਾਂ ਸਮਾਜਿਕ ਮੇਲ-ਜੋਲ ਦੀਆਂ ਗਤਿਵਿਧੀਆਂ ਅਤੇ ਹੋਰਾਂ ਨਾਲ ਸੰਪਰਕ ਤੋਂ ਵੱਖ ਕਰਨਾ ਸ਼ਾਮਿਲ ਹੁੰਦਾ ਹੈ। ਇਹ ਬਜ਼ੁਰਗ ਵਿਅਕਤੀ ਨੂੰ ਬੇਕਾਰ ਅਤੇ ਇਕੱਲਾ ਮਹਿਸੂਸ ਕਰਵਾ ਸਕਦਾ ਹੈ।
  • ਵਿੱਤੀ ਸ਼ੋਸ਼ਣ: ਇਹ ਉਦੋਂ ਵਾਪਰਦਾ ਹੈ ਜਦੋਂ ਕੋਈ ਵਿਅਕਤੀ ਬਜ਼ੁਰਗ ਵਿਅਕਤੀ ਦੇ ਪੈਸੇ ਜਾਂ ਜਾਇਦਾਦ ਨੂੰ ਉਸਦੀ ਆਗਿਆ ਤੋਂ ਬਿਨਾਂ ਆਪਣੇ ਕਬਜ਼ੇ ਵਿੱਚ ਲੈ ਲੈਂਦਾ ਹੈ। ਇਸ ਵਿੱਚ ਪੈਸੇ ਚੋਰੀ ਕਰਨਾ, ਉਹਨਾਂ ਨੂੰ ਆਪਣੀ ਵਸੀਅਤ ਬਦਲਣ ਲਈ ਮਜ਼ਬੂਰ ਕਰਨਾ, ਜਾਂ ਉਸਨੂੰ ਆਪਣੇ ਪੈਸਿਆਂ ਤੱਕ ਪਹੁੰਚ ਕਰਨ ਤੋਂ ਰੋਕਣਾ ਸ਼ਾਮਿਲ ਹੋ ਸਕਦਾ ਹੈ।
  • ਸਰੀਰਕ ਸ਼ੋਸ਼ਣ: ਇਸ ਵਿੱਚ ਕਿਸੇ ਵੀ ਕਿਸਮ ਦਾ ਸਰੀਰਕ ਨੁਕਸਾਨ ਪਹੁੰਚਾਉਣਾ ਸ਼ਾਮਿਲ ਹੈ ਜਿਵੇਂ ਕਿ ਮਾਰਨਾ-ਕੁੱਟਣਾ, ਥੱਪੜ ਮਾਰਨਾ, ਧੱਕਾ ਦੇਣਾ, ਜਾਂ ਬਜ਼ੁਰਗ ਵਿਅਕਤੀ ਨੂੰ ਕਾਬੂ ਕਰਨ ਲਈ ਸਰੀਰਕ ਰੁਕਾਵਟਾਂ ਦੀ ਵਰਤੋਂ ਕਰਨਾ।
  • ਜਿਨਸੀ ਸ਼ੋਸ਼ਣ: ਇਹ ਕੋਈ ਵੀ ਅਜਿਹਾ ਜਿਨਸੀ ਕੰਮ ਜਾਂ ਵਿਵਹਾਰ ਹੁੰਦਾ ਹੈ ਜੋ ਬਜ਼ੁਰਗ ਵਿਅਕਤੀ ਦੀ ਸਹਿਮਤੀ ਤੋਂ ਬਿਨਾਂ ਹੁੰਦਾ ਹੈ। ਇਹ ਉਨ੍ਹਾਂ ਦੇ ਅਧਿਕਾਰਾਂ ਅਤੇ ਸਨਮਾਨ ਦੀ ਘੋਰ ਉਲੰਘਣਾ ਹੈ।
  • ਸਮਾਜਿਕ ਸ਼ੋਸ਼ਣ: ਇਸ ਵਿੱਚ ਬਜ਼ੁਰਗ ਵਿਅਕਤੀ ਨੂੰ ਪਰਿਵਾਰ, ਦੋਸਤਾਂ, ਜਾਂ ਹੋਰ ਸਹਾਇਤਾ ਨੈੱਟਵਰਕਾਂ ਨਾਲ ਸੰਪਰਕ ਕਰਨ ਤੋਂ ਰੋਕਣਾ ਸ਼ਾਮਿਲ ਹੈ। ਇਹ ਵੱਖਰੇ ਕੀਤੇ ਜਾਣ ਅਤੇ ਇਕੱਲੇਪਣ ਦਾ ਕਾਰਨ ਬਣ ਸਕਦਾ ਹੈ।
  • ਨਜ਼ਰਅੰਦਾਜ਼ ਕਰਨਾ: ਇਹ ਉਦੋਂ ਵਾਪਰਦਾ ਹੈ ਜਦੋਂ ਬਜ਼ੁਰਗ ਵਿਅਕਤੀ ਨੂੰ ਲੋੜੀਂਦੀ ਦੇਖਭਾਲ ਨਹੀਂ ਮਿਲਦੀ। ਇਸ ਵਿੱਚ ਖਾਣ-ਪੀਣ, ਦਵਾਈਆਂ, ਜਾਂ ਰੋਜ਼ਾਨਾ ਦੀਆਂ ਗਤੀਵਿਧੀਆਂ ਨਾਲ ਸਹਾਇਤਾ ਨਾ ਕਰਨਾ ਸ਼ਾਮਿਲ ਹੈ, ਜਿਸ ਨਾਲ ਨੁਕਸਾਨ ਪਹੁੰਚ ਸਕਦਾ ਜਾਂ ਕਸ਼ਟ ਝੱਲਣਾ ਪੈ ਸਕਦਾ ਹੈ।

ਬਿਰਧ ਸ਼ੋਸ਼ਣ ਨੂੰ ਪਹਿਚਾਣਨਾ

ਬਿਰਧ ਸ਼ੋਸ਼ਣ ਅਕਸਰ ਛੁਪਿਆ ਹੋਇਆ ਹੁੰਦਾ ਹੈ, ਅਤੇ ਦੋਸ਼ੀਪਣ ਜਾਂ ਸ਼ਰਮਿੰਦਗੀ ਦੀਆਂ ਭਾਵਨਾਵਾਂ ਬਜ਼ੁਰਗ ਵਿਅਕਤੀ ਨੂੰ ਇਸ ਬਾਰੇ ਰਿਪੋਰਟ ਕਰਨ ਤੋਂ ਰੋਕ ਸਕਦੀਆਂ ਹਨ। ਹੇਠਾਂ ਕੁੱਝ ਧਿਆਨ ਦੇਣ ਯੋਗ ਨਿਸ਼ਾਨੀਆਂ ਦਿੱਤੀਆਂ ਗਈਆਂ ਹਨ:

  • ਬੇਵਜ੍ਹਾ ਸੱਟਾਂ ਜਾਂ ਐਮਰਜੈਂਸੀ ਰੂਮ ਵਿੱਚ ਵਾਰ-ਵਾਰ ਆਉਣਾ
  • ਵਿੱਤੀ ਹਾਲਤਾਂ ਵਿੱਚ ਹੋਈਆਂ ਅਚਾਨਕ ਤਬਦੀਲੀਆਂ
  • ਆਮ ਗਤੀਵਿਧੀਆਂ ਜਾਂ ਸਮਾਜਿਕ ਸੰਪਰਕਾਂ ਤੋਂ ਪਿੱਛੇ ਹੱਟ ਜਾਣਾ
  • ਮਾੜੀ ਸਾਫ਼-ਸਫ਼ਾਈ ਜਾਂ ਅਣਦੇਖੀਆਂ ਡਾਕਟਰੀ ਲੋੜਾਂ
  • ਵਿਵਹਾਰ ਵਿੱਚ ਤਬਦੀਲੀਆਂ, ਜਿਵੇਂ ਕਿ ਡਰ ਜਾਂ ਉਦਾਸੀ

ਸਹਾਇਤਾ ਪ੍ਰਾਪਤ ਕਰਨਾ

ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਬਿਰਧ ਸ਼ੋਸ਼ਣ ਦਾ ਸਾਹਮਣਾ ਕਰ ਰਿਹਾ ਹੈ, ਤਾਂ ਸਹਿਯੋਗ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਸਰੋਤ ਅਤੇ ਸੇਵਾਵਾਂ ਉਪਲਬਧ ਹਨ।

Senior Rights Victoria: ਵੱਖ-ਵੱਖ ਭਾਸ਼ਾਵਾਂ ਵਿੱਚ ਬਿਰਧ ਸ਼ੋਸ਼ਣ ਲਈ ਸਰੋਤ ਅਤੇ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ।

1800 ELDERHelp: ਗੁਪਤ ਸਲਾਹ ਅਤੇ ਸਹਾਇਤਾ ਲੈਣ ਲਈ 1800 353 374 'ਤੇ ਫ਼ੋਨ ਕਰੋ।

Australian Red Cross: ਬਿਰਧ ਸ਼ੋਸ਼ਣ ਬਾਰੇ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕਰਦਾ ਹੈ।

ਸਥਾਨਕ ਭਾਈਚਾਰਕ ਸੇਵਾਵਾਂ: ਬਹੁਤ ਸਾਰੀਆਂ ਸਥਾਨਕ ਸੰਸਥਾਵਾਂ ਬਿਰਧ ਸ਼ੋਸ਼ਣ ਲਈ ਸਹਾਇਤਾ ਅਤੇ ਸਰੋਤ ਪੇਸ਼ ਕਰਦੀਆਂ ਹਨ।