ਬਾਲ ਸ਼ੋਸ਼ਣ ਕੀ ਹੁੰਦਾ ਹੈ?
ਬਾਲ ਸ਼ੋਸ਼ਣ ਕੋਈ ਵੀ ਉਹ ਕੰਮ ਹੁੰਦਾ ਹੈ ਜੋ ਕਿਸੇ ਬੱਚੇ ਜਾਂ ਯੁਵਕ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਹ ਮਕਸਦ ਤਹਿਤ (ਜਾਣਬੁੱਝ ਕੇ) ਜਾਂ ਉਹਨਾਂ ਦੀ ਸਹੀ ਢੰਗ ਨਾਲ ਦੇਖਭਾਲ ਨਾ ਕਰਕੇ (ਅਣਜਾਣੇ ਵਿਚ) ਵਿੱਚ ਕੀਤਾ ਜਾ ਸਕਦਾ ਹੈ। ਸ਼ੋਸ਼ਣ ਕਰਨ ਵਾਲਾ ਵਿਅਕਤੀ ਮਾਪੇ, ਸਰਪ੍ਰਸਤ, ਦੇਖਭਾਲ ਕਰਨ ਵਾਲੇ, ਹੋਰ ਬਾਲਗ, ਜਾਂ ਵੱਡੀ ਉਮਰ ਦੇ ਯੁਵਕ ਹੋ ਸਕਦੇ ਹਨ।
ਆਸਟ੍ਰੇਲੀਆ ਵਿੱਚ ਬਾਲ ਸ਼ੋਸ਼ਣ ਇੱਕ ਅਪਰਾਧ ਹੈ ਅਤੇ ਇਸਨੂੰ ਘਰੇਲੂ ਅਤੇ ਪਰਿਵਾਰਕ ਹਿੰਸਾ ਦਾ ਇੱਕ ਰੂਪ ਮੰਨਿਆ ਜਾਂਦਾ ਹੈ। ਇਹ ਪਛਾਣਨਾ ਮਹੱਤਵਪੂਰਨ ਹੈ ਕਿ ਬਾਲ ਸ਼ੋਸ਼ਣ ਅਕਸਰ ਲੁਕਿਆ ਹੁੰਦਾ ਹੈ, ਅਤੇ ਪ੍ਰਭਾਵਿਤ ਬੱਚੇ ਡਰ, ਦੋਸ਼ੀਪਣ ਦੀ ਭਾਵਨਾ ਜਾਂ ਸ਼ਰਮਿੰਦਗੀ ਮਹਿਸੂਸ ਕਰ ਸਕਦੇ ਹਨ ਜੋ ਉਹਨਾਂ ਨੂੰ ਕਿਸੇ ਨੂੰ ਇਸ ਬਾਰੇ ਦੱਸਣ ਤੋਂ ਰੋਕਦਾ ਹੈ।
ਆਸਟ੍ਰੇਲੀਆ ਵਿੱਚ:
- ਹਰ ਬੱਚੇ ਨੂੰ ਨੁਕਸਾਨ ਤੋਂ ਸੁਰੱਖਿਅਤ ਅਤੇ ਬਚਕੇ ਰਹਿਣ ਦਾ ਅਧਿਕਾਰ ਹੈ।
- ਬੱਚਿਆਂ ਨਾਲ ਸ਼ੋਸ਼ਣ ਲਈ ਕੋਈ ਬਹਾਨਾ ਨਹੀਂ ਮੰਨਣਯੋਗ ਨਹੀਂ ਹੈ।
- ਸਹਾਇਤਾ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।
ਬਾਲ ਸ਼ੋਸ਼ਣ ਦੇ ਕਈ ਰੂਪ ਹੋ ਸਕਦੇ ਹਨ:
- ਸਰੀਰਕ ਸ਼ੋਸ਼ਣ: ਇਸ ਵਿੱਚ ਬੱਚੇ ਨੂੰ ਮਾਰਨਾ-ਕੁੱਟਣਾ, ਹਲੂਣਾ ਦੇਣਾ ਜਾਂ ਚਪੇੜ ਮਾਰਨਾ ਸ਼ਾਮਿਲ ਹੈ, ਜਿਸ ਨਾਲ ਸਰੀਰਕ ਨੁਕਸਾਨ ਜਿਵੇਂ ਵੱਜੀਆਂ ਸੱਟਾਂ, ਲੱਗੇ ਕੱਟ ਜਾਂ ਟੁੱਟੀਆਂ ਹੱਡੀਆਂ ਸ਼ਾਮਿਲ ਹਨ। ਇਸ ਵਿੱਚ ਬੱਚੇ ਨੂੰ ਸਾੜਨ ਜਾਂ ਗਲਾ ਘੁੱਟਣ ਵਰਗੀਆਂ ਕਾਰਵਾਈਆਂ ਵੀ ਸ਼ਾਮਿਲ ਹਨ।
- ਜਿਨਸੀ ਸ਼ੋਸ਼ਣ: ਇਸ ਵਿੱਚ ਹਰ ਤਰ੍ਹਾਂ ਦਾ ਕਾਮੁਕ ਛੂਹਣਾ ਜਾਂ ਚੁੰਮਣਾ ਸ਼ਾਮਿਲ ਹੈ। ਇਸ ਵਿੱਚ ਬੱਚਿਆਂ ਨੂੰ ਜਿਨਸੀ ਸਮੱਗਰੀ (ਜਿਵੇਂ ਕਿ ਪੋਰਨੋਗ੍ਰਾਫੀ) ਦਿਖਾਉਣਾ ਜਾਂ ਉਹਨਾਂ ਨੂੰ ਜਿਨਸੀ ਕਿਰਿਆਵਾਂ ਵਿੱਚ ਸ਼ਾਮਿਲ ਕਰਨਾ ਵੀ ਸ਼ਾਮਿਲ ਹੈ। ਬੱਚਾ ਕਦੇ ਵੀ ਕਿਸੇ ਜਿਨਸੀ ਗਤੀਵਿਧੀ ਲਈ ਸਹਿਮਤ ਨਹੀਂ ਹੋ ਸਕਦਾ ਹੈ।
- ਭਾਵਨਾਤਮਕ ਸ਼ੋਸ਼ਣ: ਇਸ ਵਿੱਚ ਧਮਕਾਉਣਾ, ਚੀਕਣਾ, ਬੱਚੇ ਨੂੰ ਡਰਾਉਣਾ ਜਾਂ ਬੇਕਾਰ ਮਹਿਸੂਸ ਕਰਵਾਉਣਾ, ਅਤੇ ਧੱਕੇਸ਼ਾਹੀ ਕਰਨਾ ਸ਼ਾਮਿਲ ਹੈ। ਇਸ ਵਿੱਚ ਬੱਚੇ ਨੂੰ ਨਜ਼ਰਅੰਦਾਜ਼ ਕਰਨਾ ਜਾਂ ਉਨ੍ਹਾਂ ਨੂੰ ਪਿਆਰ ਅਤੇ ਸਨੇਹ ਨਾ ਦਿਖਾਉਣਾ ਵੀ ਸ਼ਾਮਿਲ ਹੋ ਸਕਦਾ ਹੈ।
- ਨਜ਼ਰਅੰਦਾਜ਼: ਅਜਿਹਾ ਉਦੋਂ ਹੁੰਦਾ ਹੈ ਜਦੋਂ ਬੱਚੇ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਹਨ। ਇਸ ਵਿੱਚ ਉਹਨਾਂ ਨੂੰ ਲੋੜੀਂਦਾ ਭੋਜਨ, ਸਾਫ਼-ਸੁਥਰੇ ਕੱਪੜੇ, ਰਹਿਣ ਲਈ ਸੁਰੱਖਿਅਤ ਥਾਂ, ਜਾਂ ਉਚਿਤ ਡਾਕਟਰੀ ਦੇਖਭਾਲ ਨਾ ਦੇਣਾ ਸ਼ਾਮਿਲ ਹੈ। ਨਜ਼ਰਅੰਦਾਜ਼ ਕਰਨ ਦਾ ਮਤਲਬ ਬੱਚੇ ਦੀਆਂ ਭਾਵਨਾਤਮਕ ਲੋੜਾਂ ਵੱਲ ਧਿਆਨ ਨਾ ਦੇਣਾ ਵੀ ਹੋ ਸਕਦਾ ਹੈ।
- ਘਰੇਲੂ ਅਤੇ ਪਰਿਵਾਰਕ ਹਿੰਸਾ ਦਾ ਗਵਾਹ ਬਣਨਾ: ਇਹ ਉਦੋਂ ਹੁੰਦਾ ਹੈ ਜਦੋਂ ਬੱਚਾ ਪਰਿਵਾਰ ਦੇ ਮੈਂਬਰਾਂ ਵਿਚਕਾਰ ਹਿੰਸਾ ਨੂੰ ਹੁੰਦੇ ਦੇਖਦਾ ਜਾਂ ਸੁਣਦਾ ਹੈ। ਇਹ ਬੱਚੇ ਦੀ ਮਾਨਸਿਕ ਅਤੇ ਭਾਵਨਾਤਮਕ ਸਿਹਤ 'ਤੇ ਡੂੰਘਾ ਅਸਰ ਪਾ ਸਕਦਾ ਹੈ।
ਬਾਲ ਸ਼ੋਸ਼ਣ ਹੋਣਾ ਕਿੰਨਾ ਕੁ ਆਮ ਹੈ?
ਬਾਲ ਸ਼ੋਸ਼ਣ ਬਹੁਤ ਸਾਰੇ ਲੋਕਾਂ ਦੇ ਸੋਚਣ ਨਾਲੋਂ ਵਧੇਰੇ ਆਮ ਹੈ। Australian Bureau of Statistics ਦੇ ਅਨੁਸਾਰ, ਆਸਟ੍ਰੇਲੀਆ ਵਿੱਚ, ਅੰਦਾਜ਼ਨ 14% ਬਾਲਗਾਂ ਨੇ 2021-22 ਵਿੱਚ ਬਾਲ ਸ਼ੋਸ਼ਣ ਦਾ ਅਨੁਭਵ ਕੀਤਾ।
ਬਾਲ ਸ਼ੋਸ਼ਣ ਹੁੰਦੇ ਹੋਣ ਦੀ ਪਛਾਣ ਕਰਨਾ
ਬਾਲ ਸ਼ੋਸ਼ਣ ਹੁੰਦੇ ਹੋਣ ਦੀ ਪਛਾਣ ਕਰਨਾ ਅਤੇ ਇਸਦਾ ਹੱਲ ਕਰਨਾ ਗੁੰਝਲਦਾਰ ਹੋ ਸਕਦਾ ਹੈ, ਪਰ ਇਸ ਦੀਆਂ ਕੁੱਝ ਨਿਸ਼ਾਨੀਆਂ ਵਿੱਚ ਇਹ ਸ਼ਾਮਿਲ ਹਨ:
- ਲਗਾਤਾਰ ਮਾੜੇ ਤਰੀਕੇ ਨਾਲ ਸਾਫ਼-ਸੁਥਰਾ ਹੋਣਾ ਜਾਂ ਸਕੂਲ ਤੋਂ ਅਕਸਰ ਗ਼ੈਰਹਾਜ਼ਰ ਹੋਣਾ।
- ਬਾਲਗਾਂ 'ਤੇ ਭਰੋਸਾ ਨਾ ਕਰਨਾ ਜਾਂ ਬਹੁਤ ਜ਼ਿਆਦਾ ਸਾਵਧਾਨ ਰਹਿਣਾ।
- ਵਿਵਹਾਰ ਵਿੱਚ ਅਚਾਨਕ ਅਤੇ ਬੇਵਜ੍ਹਾ ਤਬਦੀਲੀਆਂ।
- ਉਹਨਾਂ ਦੀ ਉਮਰ ਲਈ ਅਣਉਚਿਤ ਕਾਮੁਕ ਜਾਣਕਾਰੀ ਜਾਂ ਵਿਵਹਾਰ।
- ਕਿਸੇ ਡਾਕਟਰੀ ਕਾਰਨ ਤੋਂ ਬਗ਼ੈਰ ਵਿਕਾਸ ਦੇ ਮੀਲਪੱਥਰ ਨੂੰ ਪੂਰਾ ਨਾ ਕਰਨਾ।
ਸਹਾਇਤਾ ਪ੍ਰਾਪਤ ਕਰਨਾ
ਜੇਕਰ ਤੁਹਾਨੂੰ ਸ਼ੱਕ ਹੈ ਕਿ ਕਿਸੇ ਬੱਚੇ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਹੈ, ਤਾਂ ਮੱਦਦ ਪ੍ਰਾਪਤ ਕਰਨਾ ਮਹੱਤਵਪੂਰਨ ਹੈ। ਬੱਚਿਆਂ ਦੀ ਸਹਾਇਤਾ ਅਤੇ ਸੁਰੱਖਿਆ ਲਈ ਸੇਵਾਵਾਂ ਅਤੇ ਸਰੋਤ ਉਪਲਬਧ ਹਨ।
ਬਾਲ ਸੁਰੱਖਿਆ ਸੇਵਾਵਾਂ: ਆਸਟ੍ਰੇਲੀਆ ਦੇ ਹਰੇਕ ਰਾਜ ਅਤੇ ਟੈਰਟਰੀ ਵਿੱਚ ਇੱਕ ਬਾਲ ਸੁਰੱਖਿਆ ਏਜੰਸੀ ਹੈ ਜੋ ਬਾਲ ਸ਼ੋਸ਼ਣ ਦੀਆਂ ਰਿਪੋਰਟਾਂ ਦੀ ਜਾਂਚ ਕਰਦੀ ਹੈ ਅਤੇ ਬੱਚਿਆਂ ਅਤੇ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ।
Kids Helpline: 5 ਤੋਂ 25 ਸਾਲ ਦੀ ਉਮਰ ਦੇ ਯੁਵਕਾਂ ਲਈ ਗੁਪਤ ਸਲਾਹ ਅਤੇ ਕਾਊਂਸਲਿੰਗ ਲਈ 1800 551 800 'ਤੇ ਫ਼ੋਨ ਕਰੋ।
ਸਥਾਨਕ ਭਾਈਚਾਰਕ ਸੇਵਾਵਾਂ: ਬਹੁਤ ਸਾਰੀਆਂ ਸਥਾਨਕ ਸੰਸਥਾਵਾਂ ਸ਼ੋਸ਼ਣ ਨਾਲ ਜੂਝ ਰਹੇ ਬੱਚਿਆਂ ਅਤੇ ਪਰਿਵਾਰਾਂ ਲਈ ਸਹਾਇਤਾ ਅਤੇ ਸਰੋਤ ਪੇਸ਼ ਕਰਦੀਆਂ ਹਨ।
ਕਾਊਂਸਲਿੰਗ ਸੇਵਾਵਾਂ: ਪੇਸ਼ੇਵਰ ਕਾਊਂਸਲਰ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਭਾਵਨਾਤਮਕ ਸਹਾਇਤਾ ਅਤੇ ਵਿਹਾਰਕ ਸਲਾਹ ਦੇ ਸਕਦੇ ਹਨ।
ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ, ਸਾਡੇ ਸਹਾਇਤਾ ਸੇਵਾਵਾਂ ਪੰਨੇ 'ਤੇ ਜਾਓ।