ਘਰੇਲੂ ਅਤੇ ਪਰਿਵਾਰਕ ਹਿੰਸਾ

ਘਰੇਲੂ ਅਤੇ ਪਰਿਵਾਰਕ ਹਿੰਸਾ ਕੀ ਹੈ?

ਘਰੇਲੂ ਅਤੇ ਪਰਿਵਾਰਕ ਹਿੰਸਾ ਹਰ ਉਹ ਹਿੰਸਾ ਹੈ ਜੋ ਪਰਿਵਾਰਕ ਮੈਂਬਰਾਂ ਵਿਚਕਾਰ ਹੁੰਦੀ ਹੈ। ਇਸ ਵਿੱਚ ਮੌਜੂਦਾ ਜਾਂ ਸਾਬਕਾ ਜੋੜਿਆਂ, ਜੀਵਨ ਸਾਥੀਆਂ, ਮਾਪਿਆਂ ਅਤੇ ਬੱਚਿਆਂ, ਜਾਂ ਭੈਣ-ਭਰਾਵਾਂ ਵਿਚਕਾਰ ਹੁੰਦੀ ਹਿੰਸਾ ਸ਼ਾਮਿਲ ਹੋ ਸਕਦੀ ਹੈ। ਕਈ ਵਾਰ ਇਸਨੂੰ ਸਾਥੀ ਹਿੰਸਾ ਕਿਹਾ ਜਾਂਦਾ ਹੈ।

ਘਰੇਲੂ ਅਤੇ ਪਰਿਵਾਰਕ ਹਿੰਸਾ ਇੱਕ ਗੰਭੀਰ ਸਮੱਸਿਆ ਹੈ ਕਿਉਂਕਿ ਇਹ ਸਰੀਰਕ ਸੱਟ ਅਤੇ ਡਰ ਦਾ ਕਾਰਨ ਬਣਦੀ ਹੈ। ਆਪਣੇ ਆਪ ਦੀ ਅਤੇ ਹੋਰਾਂ ਦੀ ਸੁਰੱਖਿਆ ਕਰਨ ਲਈ ਇਸ ਨੂੰ ਸਮਝਣਾ ਮਹੱਤਵਪੂਰਨ ਹੈ। ਆਪਣੇ ਅਧਿਕਾਰਾਂ ਨੂੰ ਜਾਣ ਕੇ ਅਤੇ ਸਹਾਇਤਾ ਮੰਗ  ਕੇ, ਤੁਸੀਂ ਇਸ ਹਿੰਸਾ ਨੂੰ ਖ਼ਤਮ ਕਰਨ ਅਤੇ ਹਰੇਕ ਲਈ ਸੁਰੱਖਿਆ ਯਕੀਨੀ ਬਣਾਉਣ ਵਿੱਚ ਮੱਦਦ ਕਰ ਸਕਦੇ ਹੋ।

ਆਸਟ੍ਰੇਲੀਆ ਵਿੱਚ, ਘਰੇਲੂ ਅਤੇ ਪਰਿਵਾਰਕ ਹਿੰਸਾ ਕਾਨੂੰਨ ਦੇ ਵਿਰੁੱਧ ਹੈ:

  • ਤੁਹਾਡੇ ਕੋਲ ਬਿਨਾਂ ਡਰ ਅਤੇ ਹਿੰਸਾ ਦੇ ਜਿਊਣ ਦਾ ਅਧਿਕਾਰ ਹੈ।
  • ਘਰੇਲੂ ਅਤੇ ਪਰਿਵਾਰਕ ਹਿੰਸਾ ਕਦੇ ਵੀ ਤੁਹਾਡੀ ਗ਼ਲਤੀ ਨਹੀਂ ਹੁੰਦੀ ਹੈ।
  • ਮੱਦਦ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।

ਘਰੇਲੂ ਅਤੇ ਪਰਿਵਾਰਕ ਹਿੰਸਾ ਇੱਕ ਵਾਰ-ਵਾਰ ਦੁਹਰਾਈ ਜਾਣ ਵਾਲੀ ਵੰਨਗੀ ਹੁੰਦੀ ਹੈ ਜੋ ਪਰਿਵਾਰਕ ਜਾਂ ਰੋਮਾਂਟਿਕ ਰਿਸ਼ਤੇ ਵਿਚਲੇ ਕਿਸੇ ਹੋਰ ਵਿਅਕਤੀ ਨੂੰ ਕੰਟਰੋਲ ਕਰਨ ਲਈ ਵਰਤੀ ਜਾਂਦੀ ਹੈ। ਇਹ ਪੀੜਤ ਨੂੰ ਆਪਣੀ ਜਾਂ ਹੋਰਾਂ ਦੀ ਸੁਰੱਖਿਆ ਲਈ ਡਰ ਮਹਿਸੂਸ ਕਰਵਾਉਂਦੀ ਹੈ।

ਹਿੰਸਾ ਦੀ ਵਰਤੋਂ ਕਰਨਾ, ਧਮਕੀਆਂ ਦੇਣਾ, ਜਾਂ ਕਿਸੇ ਨੂੰ ਕੰਟਰੋਲ ਕਰਨਾ ਮਰਜ਼ੀ ਹੁੰਦੀ ਹੈ। ਹਿੰਸਾ ਦੀ ਚੋਣ ਕਰਨੀ ਕਦੇ ਵੀ ਠੀਕ ਨਹੀਂ ਹੁੰਦੀ ਹੈ। ਹਿੰਸਾ ਦੀ ਵਰਤੋਂ ਬੰਦ ਕਰਨ ਲਈ ਮੱਦਦ ਉਪਲਬਧ ਹੈ।

ਕੌਣ ਪ੍ਰਭਾਵਿਤ ਹੋ ਸਕਦਾ ਹੈ?

ਘਰੇਲੂ ਅਤੇ ਪਰਿਵਾਰਕ ਹਿੰਸਾ ਕਿਸੇ ਵੀ ਕਿਸਮ ਦੇ ਰਿਸ਼ਤੇ ਵਿੱਚ ਹੋ ਸਕਦੀ ਹੈ, ਨਾ ਕਿ ਸਿਰਫ਼ ਜੋੜਿਆਂ ਜਾਂ ਜੀਵਨ ਸਾਥੀਆਂ ਵਿਚਕਾਰ। ਇਹ ਇਨ੍ਹਾਂ ਵਿੱਚ ਹੋ ਸਕਦੀ ਹੈ:

  • ਕਿਸੇ ਵੀ ਲਿੰਗ ਦੇ ਲੋਕਾਂ ਵਿਚਲੇ ਰੋਮਾਂਟਿਕ ਰਿਸ਼ਤਿਆਂ ਵਿੱਚ
  • ਮਾਪਿਆਂ ਜਾਂ ਮਤਰੇਏ ਮਾਪਿਆਂ ਅਤੇ ਬੱਚਿਆਂ ਦੇ ਰਿਸ਼ਤਿਆਂ ਵਿੱਚ
  • ਦੇਖਭਾਲਕਰਤਾਵਾਂ ਵੱਲੋਂ ਅਪਾਹਜ ਲੋਕਾਂ ਦਾ ਸੋਸ਼ਣ
  • ਬੱਚਿਆਂ ਵਲੋਂ ਆਪਣੇ ਮਾਪਿਆਂ ਜਾਂ ਹੋਰ ਪਰਿਵਾਰਕ ਮੈਂਬਰਾਂ ਦਾ ਸ਼ੋਸ਼ਣ ਕਰਨਾ
  • ਰਿਸ਼ਤੇਦਾਰੀ ਵਾਲੇ ਰਿਸ਼ਤਿਆਂ ਵਿੱਚ
  • ਵੱਡੇ/ਸੰਯੁਕਤ ਪਰਿਵਾਰ ਦੇ ਮੈਂਬਰਾਂ ਵਿੱਚ

ਘਰੇਲੂ ਅਤੇ ਪਰਿਵਾਰਕ ਹਿੰਸਾ ਦੇ ਰੂਪ

ਘਰੇਲੂ ਅਤੇ ਪਰਿਵਾਰਕ ਹਿੰਸਾ ਦੇ ਕਈ ਰੂਪ ਹਨ। ਅਕਸਰ, ਪੀੜਤ ਇੱਕੋ ਸਮੇਂ ਵਿੱਚ ਇੱਕ ਤੋਂ ਵੱਧ ਕਿਸਮ ਦੇ ਸ਼ੋਸ਼ਣ ਦਾ ਅਨੁਭਵ ਕਰਦੇ ਹਨ। ਸ਼ੋਸ਼ਣ ਦੇ ਰੂਪਾਂ ਵਿੱਚ ਸ਼ਾਮਿਲ ਹਨ:

  • ਟੈਕਨੋਲੋਜੀ ਦੀ ਮੱਦਦ ਨਾਲ ਕੀਤਾ ਜਾਣ ਵਾਲਾ ਸ਼ੋਸ਼ਣ
  • ਜ਼ਬਰਨ ਕੰਟਰੋਲ
  • ਵਿੱਤੀ ਸ਼ੋਸ਼ਣ
  • ਜਿਨਸੀ ਹਿੰਸਾ
  • ਮਨੋਵਿਗਿਆਨਕ ਹਿੰਸਾ
  • ਸਮਾਜਿਕ ਸ਼ੋਸ਼ਣ
  • ਦਹੇਜ ਸ਼ੋਸ਼ਣ
  • ਅਧਿਆਤਮਿਕ ਸ਼ੋਸ਼ਣ
  • ਘਰੇਲੂ ਗ਼ੁਲਾਮੀ
  • ਬਿਰਧ ਸ਼ੋਸ਼ਣ
  • ਬਾਲ ਸ਼ੋਸ਼ਣ
  • ਸਰੀਰਕ ਸ਼ੋਸ਼ਣ
  • ਔਰਤਾਂ ਦੇ ਜਣਨ ਅੰਗਾਂ ਦਾ ਖਤਨਾ ਕਰਨਾ ਅਤੇ ਕੱਟਣਾ

ਘਰੇਲੂ ਅਤੇ ਪਰਿਵਾਰਕ ਹਿੰਸਾ ਨੂੰ ਪਛਾਣਨਾ

ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਹਿੰਸਾ ਦਾ ਅਨੁਭਵ ਕਰ ਰਿਹਾ ਹੈ, ਤਾਂ ਇਸ ਬਾਰੇ ਗੱਲ ਕਰਨਾ ਮੁਸ਼ਕਲ ਅਤੇ ਕਈ ਵਾਰ ਅਸੁਰੱਖਿਅਤ ਹੋ ਸਕਦਾ ਹੈ। ਕੁੱਝ ਲੋਕਾਂ ਨੂੰ ਸ਼ਾਇਦ ਇਹ ਵੀ ਅਹਿਸਾਸ ਨਾ ਹੋਵੇ ਕਿ ਉਹ ਹਿੰਸਾ ਦਾ ਅਨੁਭਵ ਕਰ ਰਹੇ ਹਨ।

ਜੇਕਰ ਅਜਿਹਾ ਕਰਨਾ ਸੁਰੱਖਿਅਤ ਹੈ, ਤਾਂ ਤੁਸੀਂ ਉਹਨਾਂ ਨੂੰ ਇਸ ਬਾਰੇ ਪੁੱਛ ਸਕਦੇ ਹੋ ਅਤੇ ਉਹਨਾਂ ਨੂੰ ਦੱਸ ਸਕਦੇ ਹੋ ਕਿ ਤੁਸੀਂ ਚਿੰਤਤ ਹੋ ਅਤੇ ਉਹਨਾਂ ਦੀ ਸਹਾਇਤਾ ਕਰਨਾ ਚਾਹੁੰਦੇ ਹੋ। ਜੇਕਰ ਉਹ ਗੱਲ ਕਰਨ ਲਈ ਤਿਆਰ ਨਹੀਂ ਹਨ, ਤਾਂ ਉਹਨਾਂ ਨੂੰ ਦੱਸੋ ਕਿ ਜਦੋਂ ਉਹ ਤਿਆਰ ਹੋਣਗੇ ਤਾਂ ਤੁਸੀਂ ਉਹਨਾਂ ਲਈ ਉੱਥੇ ਹੋਵੋਗੇ।

ਸਹਾਇਤਾ ਪ੍ਰਾਪਤ ਕਰਨਾ

ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਵਿਅਕਤੀ ਫੌਰੀ ਖ਼ਤਰੇ ਵਿੱਚ ਹੈ, ਤਾਂ triple zero ‘000’ 'ਤੇ ਫ਼ੋਨ ਕਰੋ।

ਜੇਕਰ ਤੁਹਾਨੂੰ ਅਜਿਹੀ ਮੱਦਦ ਦੀ ਲੋੜ ਹੈ ਜੋ ਫੌਰੀ ਨਹੀਂ ਲੋੜੀਂਦੀ ਹੈ, ਤਾਂ ਘਰੇਲੂ, ਪਰਿਵਾਰਕ, ਅਤੇ ਜਿਨਸੀ ਹਿੰਸਾ ਸੇਵਾ ਪ੍ਰਦਾਤਾ ਤੁਹਾਡੀ ਸਹਾਇਤਾ ਕਰ ਸਕਦਾ ਹੈ। ਸਾਡੇ ਸਹਾਇਤਾ ਸੇਵਾਵਾਂ ਪੰਨੇ 'ਤੇ ਜਾਓ।

1800RESPECT: ਗੁਪਤ ਸਹਾਇਤਾ ਅਤੇ ਸਲਾਹ ਲੈਣ ਲਈ 1800 737 732 'ਤੇ ਫ਼ੋਨ ਕਰੋ।

ਤੁਸੀਂ ਸਹਾਇਤਾ ਪ੍ਰਾਪਤ ਕਰਨ ਲਈ Support for Trafficked People Program ਨਾਲ 03 9345 1800 'ਤੇ ਜਾਂ national_STPP@redcross.org.au 'ਤੇ ਸੰਪਰਕ ਕਰ ਸਕਦੇ ਹੋ।

ਤੁਸੀਂ Australian Federal Police ਨਾਲ 131 237 'ਤੇ ਸੰਪਰਕ ਕਰ ਸਕਦੇ ਹੋ ਜਾਂ AFP ਦੀ ਵੈੱਬਸਾਈਟ 'ਤੇ ਜਾ ਸਕਦੇ ਹੋ।

ਲੀਗਲ ਏਡ ਸਰਵਿਸਜ਼: ਮੁਫ਼ਤ ਕਾਨੂੰਨੀ ਸਲਾਹ ਅਤੇ ਸਹਾਇਤਾ ਦੀ ਪੇਸ਼ਕਸ਼ ਕਰਦੀਆਂ ਹਨ। ਉਹ ਤੁਹਾਨੂੰ ਤੁਹਾਡੇ ਅਧਿਕਾਰਾਂ ਬਾਰੇ ਦੱਸ ਸਕਦੇ ਹਨ ਅਤੇ ਕਾਨੂੰਨੀ ਮਸਲਿਆਂ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ। ਤੁਸੀਂ ਇੱਥੇ ਆਪਣੇ ਰਾਜ ਜਾਂ ਟੈਰੀਟਰੀ ਵਿਚਲੀ ਲੀਗਲ ਏਡ ਸੇਵਾ ਲਈ ਸੰਪਰਕ ਕਰ ਸਕਦੇ ਹੋ।