ਲਿੰਗ-ਆਧਾਰਿਤ ਹਿੰਸਾ (ਲਿੰਗ ਪਛਾਣ ਕਾਰਨ ਹੋਣ ਵਾਲੀ ਹਿੰਸਾ) ਕੀ ਹੈ?
ਲਿੰਗ-ਆਧਾਰਿਤ ਹਿੰਸਾ ਹਰੇਕ ਉਹ ਹਿੰਸਾ ਹੈ ਕਿਸੇ ਵੀ ਵਿਅਕਤੀ ਨਾਲ ਉਸਦੇ ਲਿੰਗ ਕਾਰਨ ਕੀਤੀ ਜਾਂਦੀ ਹੈ। ਇਸ ਕਿਸਮ ਦੀ ਹਿੰਸਾ ਜ਼ਿਆਦਾਤਰ ਔਰਤਾਂ ਅਤੇ ਕੁੜੀਆਂ ਨੂੰ ਪ੍ਰਭਾਵਿਤ ਕਰਦੀ ਹੈ, ਪਰ ਇਹ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਇਸ ਨੂੰ ਔਰਤਾਂ ਵਿਰੁੱਧ ਹੁੰਦੀ ਹਿੰਸਾ ਵੀ ਕਿਹਾ ਜਾਂਦਾ ਹੈ।
ਲਿੰਗ-ਅਧਾਰਿਤ ਹਿੰਸਾ ਇੱਕ ਗੰਭੀਰ ਸਮਾਜਿਕ ਮੁੱਦਾ ਹੈ ਅਤੇ ਤੁਹਾਡੇ ਸੋਚਣ ਨਾਲੋਂ ਵਧੇਰੇ ਆਮ ਹੈ। ਆਸਟ੍ਰੇਲੀਆ ਵਿੱਚ, ਹਰ ਤਿੰਨ ਵਿੱਚੋਂ ਇੱਕ ਪ੍ਰਵਾਸੀ ਅਤੇ ਸ਼ਰਨਾਰਥੀ ਔਰਤ ਨੇ ਕਿਸੇ ਨਾ ਕਿਸੇ ਰੂਪ ਵਿੱਚ ਘਰੇਲੂ ਅਤੇ ਪਰਿਵਾਰਕ ਹਿੰਸਾ ਦਾ ਅਨੁਭਵ ਕੀਤਾ ਹੈ।
ਲਿੰਗ-ਆਧਾਰਿਤ ਹਿੰਸਾ ਇੱਕ ਗੰਭੀਰ ਸਮੱਸਿਆ ਹੈ ਕਿਉਂਕਿ ਇਹ ਲੋਕਾਂ ਅਤੇ ਸਮਾਜ ਨੂੰ ਸਮੁੱਚੇ ਤੌਰ 'ਤੇ ਪ੍ਰਭਾਵਿਤ ਕਰਦੀ ਹੈ। ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਕਰਨ ਲਈ ਇਸ ਨੂੰ ਸਮਝਣਾ ਮਹੱਤਵਪੂਰਨ ਹੈ। ਆਪਣੇ ਅਧਿਕਾਰਾਂ ਨੂੰ ਜਾਣ ਕੇ ਅਤੇ ਸਹਾਇਤਾ ਮੰਗ ਕੇ, ਤੁਸੀਂ ਇਸ ਹਿੰਸਾ ਨੂੰ ਖ਼ਤਮ ਕਰਨ ਅਤੇ ਹਰੇਕ ਲਈ ਸੁਰੱਖਿਆ ਯਕੀਨੀ ਬਣਾਉਣ ਵਿੱਚ ਮੱਦਦ ਕਰ ਸਕਦੇ ਹੋ।
ਆਸਟ੍ਰੇਲੀਆ ਵਿੱਚ, ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ:
- ਤੁਹਾਡੇ ਕੋਲ ਬਿਨਾਂ ਡਰ ਅਤੇ ਹਿੰਸਾ ਦੇ ਜਿਊਣ ਦਾ ਅਧਿਕਾਰ ਹੈ।
- ਲਿੰਗ-ਆਧਾਰਿਤ ਹਿੰਸਾ ਕਦੇ ਵੀ ਤੁਹਾਡੀ ਗ਼ਲਤੀ ਨਹੀਂ ਹੁੰਦੀ ਹੈ।
- ਮੱਦਦ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।
ਲਿੰਗ-ਆਧਾਰਿਤ ਹਿੰਸਾ ਦਾ ਪ੍ਰਭਾਵ
ਔਰਤਾਂ ਅਤੇ ਕੁੜੀਆਂ ਲਿੰਗ-ਆਧਾਰਿਤ ਹਿੰਸਾ ਦੀਆਂ ਮੁੱਖ ਪੀੜਤ ਹਨ, ਪਰ ਇਹ ਪਰਿਵਾਰਾਂ, ਭਾਈਚਾਰਿਆਂ ਅਤੇ ਸਮਾਜ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਕਾਰਨ ਆਸਟ੍ਰੇਲੀਆ ਨੂੰ ਹਰ ਸਾਲ $26 ਬਿਲੀਅਨ ਦਾ ਖ਼ਰਚਾ ਉਠਾਉਣਾ ਪੈਂਦਾ ਹੈ।
ਲਿੰਗ-ਅਧਾਰਿਤ ਹਿੰਸਾ ਸਾਰੇ ਪਿਛੋਕੜਾਂ ਅਤੇ ਸੱਭਿਆਚਾਰਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਵਿੱਚ ਘਰੇਲੂ ਅਤੇ ਪਰਿਵਾਰਕ ਹਿੰਸਾ, ਜਿਨਸੀ ਹਿੰਸਾ, ਜ਼ਬਰਨ ਕੰਟਰੋਲ, ਅਤੇ ਹੋਰ ਵੀ ਬਹੁਤ ਕੁੱਝ ਸ਼ਾਮਿਲ ਹੋ ਸਕਦਾ ਹੈ।
ਲਿੰਗ-ਆਧਾਰਿਤ ਹਿੰਸਾ ਦੇ ਰੂਪ
ਲਿੰਗ-ਆਧਾਰਿਤ ਹਿੰਸਾ ਕਈ ਰੂਪ ਲੈ ਸਕਦੀ ਹੈ, ਜਿਸ ਵਿੱਚ ਸ਼ਾਮਿਲ ਹਨ:
- ਸਰੀਰਕ ਸ਼ੋਸ਼ਣ: ਮਾਰਨਾ-ਕੁੱਟਣਾ, ਥੱਪੜ ਮਾਰਨਾ, ਜਾਂ ਕਿਸੇ ਵੀ ਹੋਰ ਤਰ੍ਹਾਂ ਦਾ ਸਰੀਰਕ ਨੁਕਸਾਨ ਪਹੁੰਚਾਉਣਾ।
- ਮਨੋਵਿਗਿਆਨਕ ਸ਼ੋਸ਼ਣ: ਬੇਇੱਜ਼ਤੀ ਕਰਨਾ, ਧਮਕੀਆਂ ਦੇਣਾ ਅਤੇ ਤੱਥ ਤੋੜ-ਮਰੋੜ ਕੇ ਪੇਸ਼ ਕਰਨੇ।
- ਵਿੱਤੀ ਸ਼ੋਸ਼ਣ: ਪੈਸੇ ਅਤੇ ਸਰੋਤਾਂ ਨੂੰ ਕੰਟਰੋਲ ਕਰਨਾ ਜਾਂ ਚੋਰੀ ਕਰਨਾ।
- ਸਮਾਜਿਕ ਸ਼ੋਸ਼ਣ: ਕਿਸੇ ਨੂੰ ਦੋਸਤਾਂ ਅਤੇ ਪਰਿਵਾਰ ਤੋਂ ਅਲੱਗ ਕਰਨਾ।
- ਭਾਵਨਾਤਮਕ ਸ਼ੋਸ਼ਣ: ਕਿਸੇ ਦੀਆਂ ਭਾਵਨਾਵਾਂ ਜਾਂ ਸਵੈ-ਮਾਣ ਨੂੰ ਠੇਸ ਪਹੁੰਚਾਉਣਾ।
- ਅਧਿਆਤਮਿਕ ਸ਼ੋਸ਼ਣ: ਕਿਸੇ ਨੂੰ ਕਾਬੂ ਕਰਨ ਲਈ ਧਰਮ ਜਾਂ ਸ਼ਰਧਾ ਦੀ ਵਰਤੋਂ ਕਰਨਾ।
- ਸੱਭਿਆਚਾਰਕ ਦੁਰਵਿਵਹਾਰ: ਕਿਸੇ ਨੂੰ ਨੁਕਸਾਨ ਪਹੁੰਚਾਉਣ ਜਾਂ ਕੰਟਰੋਲ ਕਰਨ ਲਈ ਸੱਭਿਆਚਾਰਕ ਰਵਾਇਤਾਂ ਦੀ ਵਰਤੋਂ ਕਰਨਾ।